ਦੋਰਾਹਾ, 9 ਜੂਨ 2022 – ਦੋਰਾਹਾ ਨੇੜੇ ਜੀ.ਟੀ.ਰੋਡ ‘ਤੇ ਖੇਤੀਬਾੜੀ ਵਿਭਾਗ ਦੀ ਛਾਪੇਮਾਰੀ ਨਾਲ ਇੱਕ ਨਕਲੀ ਖਾਦ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਹੋਇਆ ਹੈ। ਇਹ ਫੈਕਟਰੀ ਭਾਰਤ ਤੋਂ ਇਲਾਵਾ ਨੇਪਾਲ ਚ ਖੇਤੀਬਾੜੀ ਲਈ ਨਕਲੀ ਖਾਦਾਂ ਤੇ ਦਵਾਈਆਂ ਸਪਲਾਈ ਕਰਦੀ ਸੀ।
ਲੁਧਿਆਣਾ ਤੋਂ ਖੇਤੀਬਾੜੀ ਮਹਿਕਮੇ ਦੀ ਟੀਮ ਨੇ ਇਸ ਫੈਕਟਰੀ ਨੂੰ ਬੇਨਕਾਬ ਕੀਤਾ ਅਤੇ ਖੰਨਾ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਫੈਕਟਰੀ ਦੇ ਮਾਲਕ ਖਿਲਾਫ ਮੁਕੱਦਮਾ ਦਰਜ ਕਰਾਇਆ। ਫੈਕਟਰੀ ਚੋਂ 1346 ਕੁਇੰਟਲ ਦੇ ਕਰੀਬ ਨਕਲੀ ਖਾਦ ਤੇ ਹੋਰ ਸਾਮਾਨ ਬਰਾਮਦ ਹੋਇਆ। ਫਿਲਹਾਲ ਫੈਕਟਰੀ ਮਾਲਕ ਹਾਲੇ ਫਰਾਰ ਹੈ ਜਿਸਦੀ ਭਾਲ ਕੀਤੀ ਜਾ ਰਹੀ ਹੈ।
ਲੁਧਿਆਣਾ ਤੋਂ ਛਾਪਾ ਮਾਰਨ ਆਈ ਖੇਤੀਬਾੜੀ ਮਹਿਕਮੇ ਦੀ ਟੀਮ ਦੇ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਦੋਰਾਹਾ ਵਿਖੇ ਨਕਦੀ ਖਾਦ ਤਿਆਰ ਹੁੰਦੀ ਹੈ ਜਦੋਂ ਟੀਮ ਨੇ ਛਾਪਾ ਮਾਰਿਆ ਤਾਂ ਫੈਕਟਰੀ ਚੋਂ 9 ਤਰਾਂ ਦੇ ਕੈਮੀਕਲ ਬਰਾਮਦ ਹੋਏ। ਇਸ ਫੈਕਟਰੀ ਚੋਂ ਐਨਪੀਕੇ ਤਿਆਰ ਕਰਕੇ ਇਹ ਖਾਦ ਨੇਪਾਲ ਭੇਜੀ ਜਾਂਦੀ ਸੀ।
ਉਥੇ ਹੀ ਖੰਨਾ ਦੇ ਐਸਪੀ ਅਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਪੁਲਸ ਨੇ ਖੇਤੀਬਾੜੀ ਅਫਸਰ ਦੇ ਬਿਆਨਾਂ ਉਪਰ ਫੈਕਟਰੀ ਮਾਲਕ ਵਿਵੇਕ ਅਗਰਵਾਲ ਵਾਸੀ ਲੁਧਿਆਣਾ ਖਿਲਾਫ ਵੱਖ ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ। ਫੈਕਟਰੀ ਮਾਲਕ ਫਰਾਰ ਹੈ ਜਿਸਦੀ ਭਾਲ ਕੀਤੀ ਜਾ ਰਹੀ ਹੈ।