ਗੁਰਦਾਸਪੁਰ, 10 ਜੂਨ 2022 – ਪਿਛਲੇ ਦਿਨੀਂ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਵਿੱਚ ਬੀਐਸਐਫ ਅਤੇ ਪਾਕਿਸਤਾਨ ਰੇਂਜਰਾਂ ਵਿਚਾਲੇ ਫਲੈਗ ਮੀਟਿੰਗ ਹੋਈ ਸੀ। ਮੀਟਿੰਗ ਵਿੱਚ ਡੀਆਈਜੀ ਗੁਰਦਾਸਪੁਰ ਸੈਕਟਰ ਪ੍ਰਭਾਕਰ ਜੋਸ਼ੀ ਅਤੇ ਪਾਕਿਸਤਾਨ ਰੇਂਜਰ ਦੇ ਚਨਾਬ ਸੈਕਟਰ ਦੇ ਬ੍ਰਿਗੇਡੀਅਰ ਸ਼ਾਹਿਦ ਅਯੂਬ ਸਮੇਤ ਦੋਵਾਂ ਦੇਸ਼ਾਂ ਦੇ ਸੀਨੀਅਰ ਅਧਿਕਾਰੀ ਪੁੱਜੇ। ਮੀਟਿੰਗ ਵਿੱਚ ਮੁੱਖ ਮੁੱਦਾ ਪਾਕਿਸਤਾਨ ਤੋਂ ਆਉਣ ਵਾਲੇ ਡਰੋਨ ਅਤੇ ਡਰੱਗਜ਼ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਰਹੱਦ ‘ਤੇ ਡਰੋਨਾਂ ਦੀ ਆਵਾਜਾਈ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਮਹੀਨੇ ਵਾਪਰੀਆਂ ਘਟਨਾਵਾਂ, ਮੋਹਾਲੀ ਇੰਟੈਲੀਜੈਂਸ ਦਫਤਰ ‘ਤੇ ਹਮਲਾ ਅਤੇ ਸਿੱਧੂ ਮੂਸੇਵਾਲਾ ਦੇ ਕਤਲ ‘ਚ ਵਰਤੇ ਗਏ ਹਥਿਆਰ ਵੀ ਪਾਕਿਸਤਾਨ ਤੋਂ ਆਏ ਸਨ। ਇਸ ਕਾਰਨ ਇਸ ਮੁਲਾਕਾਤ ਨੂੰ ਖਾਸ ਮੰਨਿਆ ਗਿਆ। ਬੀਐਸਐਫ ਅਤੇ ਪਾਕਿਸਤਾਨ ਰੇਂਜਰਾਂ ਵਿਚਕਾਰ ਫਲੈਗ ਮੀਟਿੰਗ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘੇ ‘ਤੇ ਜ਼ੀਰੋ ਲਾਈਨ ਦੇ ਨੇੜੇ ਹੋਈ।
ਬੀਐਸਐਫ ਅਤੇ ਪਾਕਿਸਤਾਨ ਰੇਂਜਰਾਂ ਵਿਚਾਲੇ ਹੋਈ ਫਲੈਗ ਮੀਟਿੰਗ ਦੌਰਾਨ ਦੋਵਾਂ ਦੇਸ਼ਾਂ ਨੇ ਇਕ ਦੂਜੇ ਦੇ ਸਾਹਮਣੇ ਆਪਣੀਆਂ ਸਮੱਸਿਆਵਾਂ ਰੱਖੀਆਂ। ਡੀਆਈਜੀ ਜੋਸ਼ੀ ਨੇ ਇਸ ਮੀਟਿੰਗ ਵਿੱਚ ਪਾਕਿਸਤਾਨ ਰੇਂਜਰ ਕੋਲ ਡਰੋਨ ਆਉਣ ਅਤੇ ਹੋ ਰਹੀ ਡਰੱਗ ਤਸਕਰੀ ਦੇ ਮੁੱਦੇ ਉਠਾਏ। ਉਨ੍ਹਾਂ ਦੀ ਗੱਲ ਸੁਣਨ ਤੋਂ ਬਾਅਦ ਬ੍ਰਿਗੇਡੀਅਰ ਸ਼ਾਹਿਦ ਅਯੂਬ ਨੇ ਭਾਰਤ ਨੂੰ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ।

