ਮੋਹਾਲੀ, 10 ਜੂਨ 2022 – ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਇਸ ਸਦਮੇ ਤੋਂ ਉੱਭਰ ਨਹੀਂ ਪਾ ਰਹੇ ਹਨ। ਕੁਝ ਦਿਨ ਪਹਿਲਾਂ ਮੋਹਾਲੀ ਦੇ ਪਿੰਡ ਜੰਡਪੁਰ ‘ਚ 17 ਸਾਲਾ ਨੌਜਵਾਨ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਤੋਂ ਬਾਅਦ ਫਿਨਾਇਲ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਸਮੇਂ ਸਿਰ ਉਸ ਦਾ ਬਚਾਅ ਹੋ ਗਿਆ। ਅਜਿਹਾ ਹੀ ਇੱਕ ਮਾਮਲਾ ਮੁਹਾਲੀ ਦੇ ਡੇਰਾਬੱਸੀ ਵਿੱਚ ਇੱਕ ਵਾਰ ਫਿਰ ਸਾਹਮਣੇ ਆਇਆ ਹੈ। ਜਿੱਥੇ ਸਿੱਧੂ ਮੂਸੇਵਾਲਾ ਦੇ ਫੈਨ ਨੇ ਮੌਤ ਤੋਂ ਦੁਖੀ ਹੋ ਕੇ ਆਪਣੀ ਜਾਨ ਦੇ ਦਿੱਤੀ।
ਮੂਸੇਵਾਲਾ ਦੇ ਜਿਸ 20 ਸਾਲਾ ਪ੍ਰਸ਼ੰਸਕ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕੀਤੀ ਦੀ ਪਛਾਣ ਜਸਵਿੰਦਰ ਸਿੰਘ ਵਾਸੀ ਡੇਰਾਬੱਸੀ ਵਜੋਂ ਹੋਈ ਹੈ। ਬੁੱਧਵਾਰ ਨੂੰ ਸਿੱਧੂ ਮੂਸੇਵਾਲਾ ਦੇ ਭੋਗ ਵਾਲੇ ਦਿਨ ਜਸਵਿੰਦਰ ਨੇ ਜ਼ਹਿਰ ਖਾ ਲਿਆ ਸੀ। ਟੀ.ਵੀ. ‘ਤੇ ਮੂਸੇਵਾਲਾ ਦਾ ਭੋਗ ਦੇਖ ਕੇ ਦੁਖੀ ਜਸਵਿੰਦਰ ਨੇ ਜ਼ਹਿਰ ਨਿਗਲ ਲਿਆ।
ਮ੍ਰਿਤਕ ਦੇ ਵਾਰਸਾਂ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਨ੍ਹਾਂ ਦਾ ਲੜਕਾ ਸਿੱਧੂ ਮੂਸੇਵਾਲਾ ਦਾ ਬਹੁਤ ਵੱਡਾ ਫੈਨ ਸੀ। ਉਹ ਉਸ ਦੇ ਗੀਤ ਬਹੁਤ ਸੁਣਦਾ ਸੀ। ਉਸ ਦੀ ਅਚਾਨਕ ਮੌਤ ਤੋਂ ਬਾਅਦ ਉਸ ਨੂੰ ਬਹੁਤ ਵੱਡਾ ਝਟਕਾ ਲੱਗਾ ਅਤੇ ਉਸ ਦਿਨ ਤੋਂ ਉਹ ਦੁਖੀ ਸੀ। ਬੁੱਧਵਾਰ ਨੂੰ ਜਸਵਿੰਦਰ ਟੀਵੀ ‘ਤੇ ਸਿੱਧੂ ਮੂਸੇਵਾਲਾ ਦਾ ਲਾਈਵ ਭੋਗ ਦੇਖ ਕੇ ਬਹੁਤ ਦੁਖੀ ਹੋ ਗਿਆ। ਉਸ ਨੇ ਦੁਪਹਿਰ ਕਰੀਬ 12.30 ਵਜੇ ਜ਼ਹਿਰ ਪੀ ਲਿਆ। ਉਸ ਦੀ ਸਿਹਤ ਵਿਗੜਨ ’ਤੇ ਉਹ ਉਸ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਲੈ ਗਏ। ਉਸ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਜੀਐਮਸੀਐਚ-32 ਚੰਡੀਗੜ੍ਹ ਰੈਫਰ ਕਰ ਦਿੱਤਾ, ਜਿੱਥੇ ਵੀਰਵਾਰ ਸਵੇਰੇ 9.30 ਵਜੇ ਉਸ ਦੀ ਮੌਤ ਹੋ ਗਈ।

