- ਮੰਤਰੀ ਨੇ ਕਿਹਾ- ਇੰਡਸਟਰੀ ਨੂੰ ਮਿਲੇਗੀ ਪੂਰੀ ਬਿਜਲੀ
ਲੁਧਿਆਣਾ, 12 ਜੂਨ 2022 – ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਬਿਜਲੀ ਦੇ ਕੱਟ ਲੱਗ ਰਹੇ ਹਨ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਪਾਵਰਕੌਮ ਮੰਤਰੀ ਹਰਭਜਨ ਸਿੰਘ ਲਾਡੋਵਾਲ ਵਿਖੇ ਬਿਜਲੀ ਕੱਟਾਂ ਬਾਰੇ ਵਿਚਾਰ ਵਟਾਂਦਰਾ ਕਰਨ ਅਤੇ 66 ਕੇਵੀ ਮੋਨੋਪੋਲ ਲਾਈਨ ਵਾਲੇ 220 ਕੇਵੀ ਸਬ-ਸਟੇਸ਼ਨ ਦਾ ਉਦਘਾਟਨ ਕਰਨ ਲਈ ਅੱਜ ਲੁਧਿਆਣਾ ਪੁੱਜੇ।
ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਇਹ ਇੱਕ ਪਾਇਲਟ ਪ੍ਰੋਜੈਕਟ ਹੈ। ਇਸ ਨੂੰ ਲਗਾਉਣ ਨਾਲ ਹੁਣ ਸ਼ਹਿਰ ਵਿੱਚ ਬਿਜਲੀ ਸਪਲਾਈ ਬਿਨਾਂ ਕਿਸੇ ਰੁਕਾਵਟ ਦੇ ਨਿਰਵਿਘਨ ਚੱਲੇਗੀ। ਇਸ ਦੇ ਨਾਲ ਹੀ ਸ਼ਹਿਰ ਵਿੱਚ ਬਿਜਲੀ ਦੇ ਕੱਟਾਂ ਤੋਂ ਲੋਕਾਂ ਨੂੰ ਰਾਹਤ ਮਿਲੇਗੀ। ਸ਼ਹਿਰ ਵਿੱਚ ਮੋਨੋਪੋਲ ਲਾਉਣ ਲਈ ਥਾਂ ਦੀ ਘਾਟ ਸੀ, ਇਸ ਲਈ ਇਹ ਪ੍ਰਾਜੈਕਟ ਇੱਥੇ ਲਾਇਆ ਗਿਆ ਹੈ। ਕੁੱਲ 47 ਮੋਨੋਪੋਲ ਲਗਾਏ ਗਏ ਹਨ। ਮੋਨੋਪੋਲ ਲਗਾਉਣ ਨਾਲ ਲਗਭਗ 12 ਕਿਲੋਮੀਟਰ ਦਾ ਖੇਤਰ ਕਵਰ ਹੋ ਜਾਵੇਗਾ। ਇਸ ਪ੍ਰਾਜੈਕਟ ਦੀ ਲਾਗਤ 16.25 ਕਰੋੜ ਰੁਪਏ ਹੈ।
ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਨਅਤ ਲਈ ਵਿਸ਼ੇਸ਼ ਪ੍ਰਾਜੈਕਟ ਵੀ ਲਿਆਂਦੇ ਜਾਣਗੇ ਅਤੇ ਉਦਯੋਗਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਬਿਜਲੀ ਮੁਹੱਈਆ ਕਰਵਾਈ ਜਾਵੇਗੀ।

ਮੰਤਰੀ ਹਰਭਜਨ ਸਿੰਘ ਨੇ ਲੁਧਿਆਣਾ ਵਿੱਚ ਬਿਜਲੀ ਸਪਲਾਈ ਦੀ ਸਥਿਤੀ ਨੂੰ ਲੈ ਕੇ ਪਾਵਰਕਾਮ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। ਸ਼ਹਿਰ ਵਿੱਚ ਸ਼ੁਰੂ ਕੀਤੇ ਜਾਣ ਵਾਲੇ ਨਵੇਂ ਪ੍ਰੋਜੈਕਟਾਂ ਦਾ ਵੀ ਜਾਇਜ਼ਾ ਲਿਆ ਗਿਆ। ਮੰਤਰੀ ਹਰਭਜਨ ਸਿੰਘ ਨੇ ਸਬ-ਸਟੇਸ਼ਨ ਦੇ ਮੁਲਾਜ਼ਮਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਕੰਮ ਕਰਨ ਦੇ ਢੰਗ ਤਰੀਕੇ ਦੇਖੇ। ਉਨ੍ਹਾਂ ਉੱਚ ਅਧਿਕਾਰੀਆਂ ਨੂੰ ਕਿਹਾ ਕਿ ਜੋ ਵੀ ਕਰਮਚਾਰੀ ਟਾਵਰ ‘ਤੇ ਕੰਮ ਕਰਦਾ ਹੈ ਤਾਂ ਉਸ ਨੂੰ ਪੂਰੀ ਸੁਰੱਖਿਆ ਦਿੱਤੀ ਜਾਵੇ। ਪੂਰਾ ਸਾਮਾਨ ਮੁਹੱਈਆ ਕਰਵਾਇਆ ਜਾਵੇ। ਕਰਮਚਾਰੀਆਂ ਨੂੰ ਕੰਮ ਦੇ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦਾ ਜੋਖਮ ਨਹੀਂ ਲੈਣਾ ਚਾਹੀਦਾ ਹੈ।
ਸੰਗਰੂਰ ਉਪ ਚੋਣ ਦੇ ਮਾਮਲੇ ਵਿੱਚ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਲਹਿਰ ਹੈ। ਇਸ ਵਾਰ ਵੀ ਸੰਗਰੂਰ ਵਿੱਚ ਆਮ ਆਦਮੀ ਪਾਰਟੀ ਦੇ ਐਮ.ਪੀ. ਦੀ ਜਿੱਤ ਹੋਵੇਗੀ। ਇਸ ਮੌਕੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ, ਡੀਸੀ ਸੁਰਭੀ ਮਲਿਕ ਵੀ ਮੌਜੂਦ ਸਨ।
