- ਪੰਜਾਬ ਪ੍ਰਭਾਰੀ ਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਨੇ ਵਰਕਰਾਂ ਤੇ ਆਗੂਆਂ ਨਾਲ ਚੁਣਾਵੀਂ ਰਣਨੀਤੀ ਅਤੇ ਰੋਡ ਸ਼ੋਅ ਬਾਰੇ ਕੀਤੀ ਸਮੀਖਿਆ ਬੈਠਕ
ਚੰਡੀਗੜ੍ਹ / ਸੰਗਰੂਰ, 15 ਜੂਨ 2022 – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਭਾਰੀ ਅਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਉਂਦੇ ਦਿਨਾਂ ’ਚ ਸੰਗਰੂਰ ਜ਼ਿਮਨੀ ਚੋਣ ਲਈ ਪਾਰਟੀ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਵਿੱਚ ‘ਰੋਡ ਸ਼ੋਅ’ ਕਰਨਗੇ। ਇਹ ਪ੍ਰਗਟਾਵਾ ਜਰਨੈਲ ਸਿੰਘ ਨੇ ਮੰਗਲਵਾਰ ਨੂੰ ਪਾਰਟੀ ਵਰਕਰਾਂ ਅਤੇ ਆਗੂਆਂ ਨਾਲ ਚੁਣਾਵੀਂ ਰਣਨੀਤੀ ਅਤੇ ਰੋਡ ਸ਼ੋਅ ਦੀਆਂ ਤਿਆਰੀਆਂ ਬਾਰੇ ਸਮੀਖਿਆ ਬੈਠਕ ਕਰਨ ਤੋਂ ਬਾਅਦ ਕੀਤਾ।
ਜਰਨੈਲ ਸਿੰਘ ਨੇ ਵਿਰੋਧੀ ਪਾਰਟੀਆਂ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਸ਼੍ਰ੍ਰੋਮਣੀ ਅਕਾਲੀ ਦਲ ਬਾਦਲ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਨੇ ਨਸ਼ਾ ਮਾਫੀਆ, ਰੇਤ ਮਾਫੀਆ, ਕੇਬਲ ਮਾਫੀਆ ਅਤੇ ਗੈਂਗਸਟਰਾਂ ਨੂੰ ਸਰਪ੍ਰਸਤੀ ਦੇ ਕੇ ਪੰਜਾਬ ਦਾ ਭਵਿੱਖ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਤਿੰਨ ਮਹੀਨੇ ਪਹਿਲਾਂ ਬਣੀ ‘ਆਪ’ ਸਰਕਾਰ ਨੂੰ ਕਾਨੂੰਨ ਵਿਵਸਥਾ ਦੀ ਕਥਿਤ ਖ਼ਰਾਬੀ ਲਈ ਦੋਸ਼ੀ ਕਹਿ ਰਹੀਆਂ ਹਨ, ਜਦੋਂ ਕਿ ਇਨਾਂ ਪਾਰਟੀਆਂ ਦੀਆਂ ਸਰਕਾਰਾਂ ਨੇ ਖ਼ਤਰਨਾਕ ਅਪਰਾਧੀਆਂ ਨੂੰ ਤਿਆਰ ਕੀਤਾ ਅਤੇ ਕਈ ਸਾਲਾਂ ਤੱਕ ਸੁੁਰੱਖਿਆ ਦਿੱਤੀ।
‘ਆਪ’ ਆਗੂ ਨੇ ਦਾਅਵਾ ਕੀਤਾ ਕਿ ਸੰਗਰੂਰ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ ਅਤੇ ਮੌਜ਼ੂਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਖ਼ਤ ਮਿਹਨਤ ਨੂੰ ਦੇਖਦਿਆਂ ਹਲਕੇ ਦੇ ਲੋਕ ਫਿਰ ਤੋਂ ‘ਆਪ’ ਦੀ ਜਿੱਤ ਨੂੰ ਵੱਡੇ ਅੰਤਰ ਨਾਲ ਪੱਕਾ ਕਰਨਗੇ, ਕਿਉਂਕਿ ਮੁੱਖ ਮੰਤਰੀ ਮਾਨ 2014 ਅਤੇ 2019 ’ਚ ਇਸ ਹਲਕੇ ਤੋਂ ਦੋ ਵਾਰ ਸੰਸਦ ਮੈਂਬਰ ਬਣੇ ਸਨ। ਸੂਬੇ ਦੀਆਂ ਵਿਧਾਨ ਸਭਾ ਚੋਣਾ ਦੌਰਾਨ ਉਹਨਾਂ ਧੂਰੀ ਤੋਂ ਵਿਧਾਇਕ ਬਣਨ ਤੋਂ ਬਾਅਦ ਸੰਸਦ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਿਸ ਕਾਰਨ ਸੰਗਰੂਰ ਸੀਟ ਖਾਲ੍ਹੀ ਹੋਈ ਹੈ।
ਜਰਨੈਲ ਸਿੰਘ ਨੇ ਪਾਰਟੀ ਉਮੀਦਵਾਰ ਗੁਰਮੇਲ ਸਿੰਘ ’ਤੇ ਭਰੋਸਾ ਪ੍ਰਗਟ ਕਰਦਿਆਂ ਕਿਹਾ ਕਿ ਉਹ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਸੰਗਰੂਰ ਵਾਸੀਆ ਦੀ ਭਲਾਈ ਲਈ ਕੰਮ ਕਰ ਰਹੇ ਹਨ। ਉਹ ਗਿਣਤ ਵਿਸ਼ੇ ’ਚ ਗਰੈਜ਼ੂਏਟ ਹਨ ਅਤੇ ਉਨ੍ਹਾਂ ਐਮ.ਬੀ.ਏ ਵੀ ਕੀਤੀ ਹੋਈ ਹੈ। ਰਾਜਨੀਤੀ ’ਚ ਆਉਣ ਤੋਂ ਪਹਿਲਾਂ ਉਹ ਇੱਕ ਅਧਿਆਪਕ ਸਨ ਅਤੇ ਉਨ੍ਹਾਂ 2018 ਤੱਕ ਵੱਖ ਵੱਖ ਸਕੂਲਾਂ ’ਚ ਬੱਚਿਆਂ ਨੂੰ ਪੜ੍ਹਾਇਆ।