ਲੁਧਿਆਣਾ, 18 ਜੂਨ 2022 – ਪੰਜਾਬ ਦੇ ਲੁਧਿਆਣਾ ਵਿੱਚ ਐਸਟੀਐਫ ਦੀ ਟੀਮ ਨੇ ਭਗੌੜੇ ਚੱਲ ਰਹੇ ਗੈਂਗਸਟਰ ਸ਼ੇਰੂ ਨੂੰ ਇੱਕ ਮਹਿਲਾ ਦੋਸਤ ਸਮੇਤ ਕਰੀਬ 6.7 ਕਰੋੜ ਰੁਪਏ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗੈਂਗਸਟਰ ਸ਼ੇਰੂ ਦੇ ਖਿਲਾਫ ਕਤਲ, ਕਤਲ ਦੀ ਕੋਸ਼ਿਸ਼, ਲੁੱਟ-ਖੋਹ ਅਤੇ ਹੋਰ ਕਈ ਮਾਮਲੇ ਦਰਜ ਹਨ। ਸ਼ੇਰੂ ਦੇ ਨਾਲ-ਨਾਲ ਉਸ ਦੀ ਮਹਿਲਾ ਦੋਸਤ ਜੋਤੀ ਰਾਣੀ ਉਰਫ ਪ੍ਰਭਜੋਤ ਕੌਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ 990 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਰਿਮਾਂਡ ਦੌਰਾਨ ਇਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਲੋਕ ਕਿਸ ਨੂੰ ਹੈਰੋਇਨ ਸਪਲਾਈ ਕਰਦੇ ਸਨ।
ਐਸਟੀਐਫ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗੁਪਤ ਸੂਚਨਾ ’ਤੇ ਕਾਬੂ ਕੀਤਾ ਗਿਆ ਹੈ। ਦੱਸਿਆ ਗਿਆ ਸੀ ਕਿ ਮੁਲਜ਼ਮ ਆਪਣੀ ਮਹਿਲਾ ਦੋਸਤ ਜੋਤੀ ਰਾਣੀ ਨਾਲ ਮਿਲ ਕੇ ਹੈਰੋਇਨ ਦੀ ਤਸਕਰੀ ਕਰਦਾ ਹੈ।
ਮੁਲਜ਼ਮ ਘੋੜਾ ਛਾਪ ਕਲੋਨੀ ਅਤੇ ਦਿੱਲੀ ਤੋਂ ਹੈਰੋਇਨ ਦੀ ਖੇਪ ਸ਼ਹਿਰ ਵਿੱਚ ਨਸ਼ੇੜੀਆਂ ਨੂੰ ਸਪਲਾਈ ਕਰਦੇ ਸਨ। ਸ਼ੇਰੂ ਨੇ ਐਸਟੀਐਫ ਟੀਮ ਨੂੰ ਦੱਸਿਆ ਕਿ ਉਹ ਖੁਦ ਹੈਰੋਇਨ ਦਾ ਆਦੀ ਹੈ। ਉਹ ਨਸ਼ੇ ਦੇ ਖਰਚੇ ਅਤੇ ਘਰ ਦਾ ਗੁਜ਼ਾਰਾ ਚਲਾਉਣ ਲਈ ਹੈਰੋਇਨ ਦੀ ਤਸਕਰੀ ਕਰਦੇ ਸਨ।
ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਸ਼ੇਰੂ ਅਤੇ ਉਸ ਦੀ ਮਹਿਲਾ ਦੋਸਤ ਬਿਨਾਂ ਨੰਬਰ ਵਾਲੀ ਐਕਟਿਵਾ ’ਤੇ ਹੈਰੋਇਨ ਦੀ ਖੇਪ ਲੈ ਕੇ ਜਾ ਰਹੇ ਹਨ। ਇਸ ਤੋਂ ਬਾਅਦ ਪੁਲੀਸ ਨੇ ਤਾਜਪੁਰ ਰੋਡ ’ਤੇ ਨਾਕਾਬੰਦੀ ਕਰਕੇ ਦੋਵਾਂ ਨੂੰ ਕਾਬੂ ਕਰ ਲਿਆ। ਪੁਲੀਸ ਨੇ ਮੁਲਜ਼ਮਾਂ ਕੋਲੋਂ 990 ਗ੍ਰਾਮ ਹੈਰੋਇਨ, ਛੋਟੀ ਇਲੈਕਟ੍ਰਾਨਿਕ ਸਟਿਕਸ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਸ਼ੇਰੂ ‘ਤੇ ਪਹਿਲਾਂ ਵੀ ਕਤਲ, ਕਤਲ ਦੀ ਕੋਸ਼ਿਸ਼, ਲੁੱਟ-ਖੋਹ ਅਤੇ ਅਸਲਾ ਐਕਟ ਦੇ ਕੇਸ ਦਰਜ ਹਨ। ਹਰਬੰਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਕੋਲੋਂ ਹੋਰ ਵਾਰਦਾਤਾਂ ਦਾ ਖੁਲਾਸਾ ਹੋਣ ਦੀ ਉਮੀਦ ਹੈ।