ਪੁਣੇ, 18 ਜੂਨ 2022 – ਪੁਣੇ ਸਥਿਤ ਸ਼ਾਰਪਸ਼ੂਟਰ ਸੰਤੋਸ਼ ਜਾਧਵ ਨੇ ਸਿੱਧੂ ਮੂਸੇਵਾਲਾ ਦੀ ਹੱਤਿਆ ‘ਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ। ਪੁਣੇ ਪੁਲਸ ਦੀ ਪੁੱਛਗਿੱਛ ‘ਚ ਜਾਧਵ ਨੇ ਦੱਸਿਆ ਕਿ ਜਿਸ ਦਿਨ ਮੂਸੇਵਾਲਾ ਦੀ ਹੱਤਿਆ ਹੋਈ, ਮੈਂ ਗੁਜਰਾਤ ‘ਚ ਸੀ। ਜਾਧਵ ਨੂੰ ਪੁਣੇ ਪੁਲਿਸ ਨੇ ਕਤਲ ਕੇਸ ਵਿੱਚ ਗੁਜਰਾਤ ਦੇ ਕੱਛ ਤੋਂ ਗ੍ਰਿਫ਼ਤਾਰ ਕੀਤਾ ਸੀ।
ਹਾਲਾਂਕਿ ਜਾਧਵ ਦਾ ਦਾਅਵਾ ਕਿੰਨਾ ਕੁ ਸੱਚ ਹੈ ? ਪੁਣੇ ਪੁਲਿਸ ਆਪਣੀ ਜਾਂਚ ਲਈ ਗੁਜਰਾਤ ਪਹੁੰਚ ਗਈ ਹੈ। ਪੁਣੇ ਪੁਲਿਸ ਨੇ ਇਸ ਸਬੰਧੀ ਜਾਣਕਾਰੀ ਪੰਜਾਬ ਪੁਲਿਸ ਨੂੰ ਵੀ ਸਾਂਝੀ ਕੀਤੀ ਹੈ।
ਦਿੱਲੀ ਅਤੇ ਪੁਣੇ ਪੁਲਿਸ ਨੇ ਕੁਝ ਦਿਨ ਪਹਿਲਾਂ ਸ਼ਾਰਪ ਸ਼ੂਟਰ ਸਿਧੇਸ਼ ਹੀਰਾਮਣੀ ਕਾਂਬਲੇ ਉਰਫ ਸੌਰਵ ਮਹਾਕਾਲ ਨੂੰ ਫੜਿਆ ਸੀ। ਉਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਦਿੱਲੀ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਮਹਾਕਾਲ ਮੂਸੇਵਾਲਾ ਕਤਲ ਵਿੱਚ ਸ਼ਾਮਲ ਨਹੀਂ ਸੀ। ਦਿੱਲੀ ਪੁਲਿਸ ਨੇ ਕਿਹਾ ਸੀ ਕਿ ਮਹਾਕਾਲ ਨੇ ਕਿਹਾ ਸੀ ਕਿ ਸੰਤੋਸ਼ ਜਾਧਵ ਅਤੇ ਉਸ ਦਾ ਸਾਥੀ ਨਵਨਾਥ ਸੂਰਿਆਵੰਸ਼ੀ ਮੂਸੇਵਾਲਾ ਹੱਤਿਆਕਾਂਡ ਵਿੱਚ ਸ਼ਾਮਲ ਹਨ। ਹਾਲਾਂਕਿ ਹੁਣ ਸੰਤੋਸ਼ ਜਾਧਵ ਨੇ ਵੀ ਮੂੰਹ ਫੇਰ ਲਿਆ ਹੈ।
ਕੁਝ ਦਿਨ ਪਹਿਲਾਂ 8 ਸ਼ਾਰਪ ਸ਼ੂਟਰਾਂ ਦੀ ਸੂਚੀ ਸਾਹਮਣੇ ਆਈ ਸੀ। ਇਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਇਹ ਸਾਰੇ ਮੂਸੇਵਾਲਾ ਦੇ ਕਤਲ ਵਿਚ ਸ਼ਾਮਲ ਸਨ। ਇਹ ਸੂਚੀ ਦਿੱਲੀ ਪੁਲਿਸ ਨੇ ਦੱਸੀ ਹੈ। ਹਾਲਾਂਕਿ ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ 4 ਸ਼ਾਰਪ ਸ਼ੂਟਰਾਂ ਦੀ ਪਛਾਣ ਕਰ ਲਈ ਹੈ। ਇਨ੍ਹਾਂ ਵਿੱਚ ਹਰਿਆਣਾ ਦੇ ਸੋਨੀਪਤ ਦੇ ਪ੍ਰਿਆਵਰਤ ਫੌਜੀ ਅਤੇ ਅੰਕਿਤ ਸੇਰਸਾ, ਪੰਜਾਬ ਦੇ ਅੰਮ੍ਰਿਤਸਰ ਦਾ ਰਹਿਣ ਵਾਲਾ ਜਗਰੂਪ ਰੂਪਾ ਅਤੇ ਮੋਗਾ ਦਾ ਰਹਿਣ ਵਾਲਾ ਮਨੂ ਕੁੱਸਾ ਸ਼ਾਮਲ ਹੈ। ਪੰਜਾਬ ਪੁਲਿਸ ਇਨ੍ਹਾਂ ਚਾਰਾਂ ਦੀ ਭਾਲ ਕਰ ਰਹੀ ਹੈ।