ਜਲੰਧਰ, 17 ਜੂਨ 2022 – ਲੁਧਿਆਣਾ ਦੇ ਹੈਬੋਵਾਲ ਇਲਾਕੇ ਤੋਂ ਵੀਰਵਾਰ ਸ਼ਾਮ ਨੂੰ ਇੱਕ ਕਾਰ ਡੀਲਰ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਦੇ ਦੋਸ਼ ਵਿੱਚ ਸਿਟੀ ਪੁਲਿਸ ਨੇ ਸ਼ੁੱਕਰਵਾਰ ਨੂੰ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਰੀ ਅਨੁਸਾਰ ਮੁਲਜ਼ਮਾਂ ਨੇ ਪੀੜਤ ਪਰਿਵਾਰ ਤੋਂ 9.5 ਲੱਖ ਦੀ ਫਿਰੌਤੀ ਮੰਗੀ ਸੀ। ਮੁਲਜ਼ਮਾਂ ਦੀ ਪਛਾਣ ਮਨਜੀਤ ਸਿੰਘ, ਚਮਕੌਰ ਸਿੰਘ, ਭਜਨ ਸਿੰਘ ਅਤੇ ਰਾਹੁਲ ਵਜੋਂ ਹੋਈ ਹੈ।
ਸੀ.ਆਈ.ਏ. ਸਟਾਫ਼-2, ਜਲੰਧਰ ਦੀ ਪੁਲਿਸ ਪਾਰਟੀ ਵੱਲੋਂ ਪੀੜਤ ਕਾਰ ਡੀਲਰ ਕੁਲਵਿੰਦਰ ਸਿੰਘ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਡੀ.ਸੀ.ਪੀ.) ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਨੂੰ ਕਾਰ ਸਵਾਰ ਅਣਪਛਾਤੇ ਵਿਅਕਤੀਆਂ ਨੇ ਵੀਰਵਾਰ ਸ਼ਾਮ ਨੂੰ ਉਸ ਦੀ ਵਰਕਸ਼ਾਪ ਤੋਂ ਬੰਦੂਕ ਦੀ ਨੋਕ ‘ਤੇ ਅਗਵਾ ਕਰ ਲਿਆ ਸੀ। ਜਿਸ ਤੋਂ ਬਾਅਦ ਪੀੜਤ ਦੀ ਪਤਨੀ ਤੋਂ ਮੁਲਜ਼ਮਾਂ ਨੇ ਫਿਰੌਤੀ ਦੀ ਮੰਗ ਕੀਤੀ ਆਏ ਪੀੜਤ ਦੀ ਪਤਨੀ ਨੇ ਇਸ ਦੀ ਸ਼ਿਕਾਇਤ ‘ਤੇ ਥਾਣਾ ਹੈਬੋਵਾਲ ਵਿਖੇ ਦਰਜ ਕਰਾਈ ਅਤੇ ਪੁਲਿਸ ਨੇ ਆਈ.ਪੀ.ਸੀ. ਦੀ ਧਾਰਾ 365, 34 ਤਹਿਤ ਕੇਸ ਦਰਜ ਕੀਤਾ ਸੀ।
ਡੀ.ਸੀ.ਪੀ. ਨੇ ਦੱਸਿਆ ਕਿ ਲੁਧਿਆਣਾ ਕਮਿਸ਼ਨਰੇਟ ਪੁਲਿਸ ਵੱਲੋਂ ਸਾਂਝੀ ਕੀਤੀ ਜਾਣਕਾਰੀ ‘ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਸੀ.ਆਈ.ਏ. ਸਟਾਫ-2 ਦੀ ਇੱਕ ਟੀਮ ਨੂੰ ਤੁਰੰਤ ਮਧੂਬਨ ਕਲੋਨੀ ਭੇਜਿਆ ਗਿਆ, ਜਿੱਥੇ ਅਗਵਾਕਾਰ ਪੀੜਤ ਦੇ ਨਾਲ ਲੁਕੇ ਹੋਏ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਅਤੇ ਪੀੜਤ ਨੂੰ ਲੁਧਿਆਣਾ ਕਮਿਸ਼ਨਰੇਟ ਪੁਲਿਸ ਦੀ ਟੀਮ ਦੇ ਹਵਾਲੇ ਕਰ ਦਿੱਤਾ ਗਿਆ ਹੈ।