ਲੁਧਿਆਣਾ, 19 ਜੂਨ 2022 – ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਆਰਪੀਐਫ ਪੋਸਟ ਕਮਾਂਡਰ ਸੈਲੇਸ਼ ਕੁਮਾਰ ਦੀ ਗਾਂਧੀਗਿਰੀ ਨੇ ਅਗਨੀਪਥ ਯੋਜਨਾ ਦੇ ਖਿਲਾਫ ਚੱਲ ਰਹੇ ਵਿਰੋਧ ਨੂੰ ਹਿੰਸਕ ਹੋਣ ਤੋਂ ਬਚਾ ਲਿਆ। ਜਦੋਂ 70-80 ਹਥਿਆਰਬੰਦ ਨੌਜਵਾਨਾਂ ਨੇ ਸਟੇਸ਼ਨ ‘ਤੇ ਹਮਲਾ ਕੀਤਾ ਤਾਂ ਕਮਾਂਡਰ ਸੈਲੇਸ਼ ਕੁਮਾਰ ਹੱਥ ਜੋੜ ਕੇ ਪ੍ਰਦਰਸ਼ਨਕਾਰੀਆਂ ਦੇ ਵਿਚਕਾਰ ਪਹੁੰਚੇ ਅਤੇ ਉਨ੍ਹਾਂ ਨੂੰ ਸ਼ਾਂਤ ਕੀਤਾ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।
ਕੇਂਦਰ ਸਰਕਾਰ ਦੀ ਫੌਜ ਦੀ ਭਰਤੀ ਦੀ ਨਵੀਂ ਯੋਜਨਾ ਅਗਨੀਪਥ ਦੇ ਖਿਲਾਫ ਦੇਸ਼ ਦੇ ਕਈ ਰਾਜਾਂ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਕੁਝ ਤੋੜਫੋੜ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਵੀ ਸਾਹਮਣੇ ਆ ਚੁੱਕੀਆਂ ਹਨ। ਅਜਿਹੇ ‘ਚ ਪੰਜਾਬ ‘ਚ ਵੀ ਲਗਾਤਾਰ ਰੋਸ ਪਾਇਆ ਜਾ ਰਿਹਾ ਹੈ। ਸ਼ਨੀਵਾਰ ਨੂੰ ਨੌਜਵਾਨ ਸਵੇਰੇ 10:46 ‘ਤੇ ਰੇਲਵੇ ਸਟੇਸ਼ਨ ਦੇ ਮੁੱਖ ਗੇਟ ਤੋਂ ਦਾਖਲ ਹੋਏ ਅਤੇ 10:51 ‘ਤੇ ਪਲੇਟਫਾਰਮ ਨੰਬਰ 1 ‘ਤੇ ਭੰਨਤੋੜ ਕੀਤੀ। ਹਮਲਾਵਰਾਂ ਨੂੰ ਰੋਕਣ ਲਈ ਕੋਈ ਪੁਲਿਸ ਮੁਲਾਜ਼ਮ ਅੱਗੇ ਨਹੀਂ ਆਇਆ। ਇਸ ਦੇ ਨਾਲ ਹੀ ਲੁਧਿਆਣਾ ਆਰਪੀਐਫ ਕਮਾਂਡਰ ਸ਼ੈਲੇਸ਼ ਕੁਮਾਰ ਨੇ ਗਾਂਧੀਗਿਰੀ ਅਪਣਾ ਲਈ।
ਆਰਪੀਐਫ ਇੰਚਾਰਜ ਸੈਲੇਸ਼ ਕੁਮਾਰ ਹੱਥ ਜੋੜ ਕੇ ਹਮਲਾਵਰਾਂ ਵਿਚਕਾਰ ਪਹੁੰਚ ਗਏ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਆਰਪੀਐਫ ਕਮਾਂਡਰ ਨੇ ਪ੍ਰਦਰਸ਼ਨਕਾਰੀ ਨੌਜਵਾਨਾਂ ਨਾਲ ਆਪਣੇ ਬੱਚਿਆਂ ਵਾਂਗ ਵਿਵਹਾਰ ਕੀਤਾ ਅਤੇ ਉਨ੍ਹਾਂ ਨੂੰ ਰੇਲਵੇ ਦੀ ਜਾਇਦਾਦ ਨੂੰ ਨੁਕਸਾਨ ਨਾ ਪਹੁੰਚਾਉਣ ਲਈ ਸਮਝਾਇਆ। ਕਮਾਂਡਰ ਨੇ ਪ੍ਰਦਰਸ਼ਨਕਾਰੀਆਂ ਨੂੰ ਕਾਫੀ ਹੱਦ ਤੱਕ ਸ਼ਾਂਤ ਕੀਤਾ। ਗਵਾਹਾਂ ਨੇ ਦੱਸਿਆ ਕਿ ਪ੍ਰਦਰਸ਼ਨਕਾਰੀ ਇੰਨੇ ਗੁੱਸੇ ਵਿੱਚ ਸਨ ਕਿ ਕਿਸੇ ਨੇ ਵੀ ਉਨ੍ਹਾਂ ਨੂੰ ਭੰਨਤੋੜ ਕਰਨ ਤੋਂ ਨਹੀਂ ਰੋਕਿਆ। ਆਰਪੀਐਫ ਕਮਾਂਡਰ ਦੀ ਕੋਸ਼ਿਸ਼ ਨਾਲ ਸਟੇਸ਼ਨ ‘ਤੇ ਰੇਲ ਗੱਡੀਆਂ ਦੀ ਤੋੜਭੰਨ ਹੋਣ ਤੋਂ ਬਚਾਅ ਹੋ ਗਿਆ। ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਵਾਲੇ ਕਮਾਂਡਰ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਉਨ੍ਹਾਂ ਦੇ ਇਸ ਉਪਰਾਲੇ ਦੀ ਉੱਚ ਅਧਿਕਾਰੀਆਂ ਵੱਲੋਂ ਵੀ ਸ਼ਲਾਘਾ ਕੀਤੀ ਗਈ।