ਚੰਡੀਗੜ੍ਹ, 19 ਜੂਨ 2022 – ਕੌਮੀ ਨਿਸ਼ਾਨੇਬਾਜ਼ ਸੁਖਮਨਪ੍ਰੀਤ ਸਿੰਘ ਉਰਫ਼ ਸਿੱਪੀ ਸਿੱਧੂ ਕਤਲ ਕੇਸ ‘ਚ ਗ੍ਰਿਫ਼ਤਾਰ ਹਾਈ ਕੋਰਟ ਦੇ ਜੱਜ ਦੀ ਧੀ ਕਾਲਜ ਪ੍ਰੋਫੈਸਰ ਕਲਿਆਣੀ ਸਿੰਘ ਦਾ 4 ਦਿਨ ਦਾ ਰਿਮਾਂਡ ਖ਼ਤਮ ਹੋਣ ਮਗਰੋਂ ਅੱਜ ਸੀਬੀਆਈ ਨੇ ਉਸ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਹੈ। ਮੁਲਜ਼ਮ ਕਲਿਆਣੀ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਸੈਕਟਰ-43 ਚੰਡੀਗੜ੍ਹ ਵਿੱਚ ਪੇਸ਼ ਕੀਤਾ ਗਿਆ ਹੈ। ਅਦਾਲਤ ਨੇ ਮੁਲਜ਼ਮ ਕਲਿਆਣੀ ਨੂੰ ਮੁੜ ਦੋ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ। ਹਾਲਾਂਕਿ ਸੀਬੀਆਈ ਨੇ ਅਦਾਲਤ ਵਿੱਚ 7 ਦਿਨ ਦਾ ਰਿਮਾਂਡ ਮੰਗਿਆ ਸੀ।
ਸੀਬੀਆਈ ਨੇ ਮੁੜ ਅਦਾਲਤ ਵਿੱਚ ਕਲਿਆਣੀ ਦੇ ਰਿਮਾਂਡ ਦੀ ਮੰਗ ਕੀਤੀ। ਸੀਬੀਆਈ ਨੇ ਦਲੀਲ ਦਿੱਤੀ ਹੈ ਕਿ ਮੁਲਜ਼ਮ ਕਲਿਆਣੀ ਨੇ ਆਪਣੇ ਚਾਰ ਦਿਨ ਦੇ ਰਿਮਾਂਡ ਦੌਰਾਨ ਸੀਬੀਆਈ ਨੂੰ ਸਹਿਯੋਗ ਨਹੀਂ ਦਿੱਤਾ। ਇਸ ਤੋਂ ਇਲਾਵਾ ਸੀਬੀਆਈ ਨੇ ਇਹ ਵੀ ਦਲੀਲ ਦਿੱਤੀ ਸੀ ਕਿ ਸਿੱਪੀ ਕਤਲ ਕੇਸ ਵਿੱਚ ਕਲਿਆਣੀ ਤੋਂ ਇਲਾਵਾ ਹੋਰ ਲੋਕ ਵੀ ਸ਼ਾਮਲ ਹੋ ਸਕਦੇ ਹਨ। ਇਸ ਦੇ ਨਾਲ ਹੀ ਕਲਿਆਣੀ ਦੇ ਪੋਲੀਗ੍ਰਾਫਿਕ ਟੈਸਟ ਦੀ ਰਿਪੋਰਟ ਵੀ ਆਉਣੀ ਬਾਕੀ ਹੈ।
ਦੂਜੇ ਪਾਸੇ ਕਲਿਆਣੀ ਦੇ ਵਕੀਲ ਨੇ ਸੀਬੀਆਈ ਨੂੰ ਉਸ ਦਾ ਹੋਰ ਰਿਮਾਂਡ ਦੇਣ ਦਾ ਵਿਰੋਧ ਕੀਤਾ। ਵਕੀਲ ਨੇ ਕਿਹਾ ਕਿ ਸੀਬੀਆਈ ਕਲਿਆਣੀ ਨੂੰ ਜ਼ੁਰਮ ਕਬੂਲ ਕਰਨ ਲਈ ਮਜਬੂਰ ਕਰਨਾ ਚਾਹੁੰਦੀ ਹੈ। ਕਲਿਆਣੀ ਦੇ ਵਕੀਲ ਨੇ ਦੋਸ਼ ਲਾਇਆ ਕਿ ਮ੍ਰਿਤਕ ਸਿੱਪੀ ਸਿੱਧੂ ਦੇ ਪਰਿਵਾਰਕ ਮੈਂਬਰਾਂ ਨੇ ਸੀਬੀਆਈ ਦਫ਼ਤਰ ਜਾ ਕੇ ਕਲਿਆਣੀ ਨੂੰ ਧਮਕੀਆਂ ਦਿੱਤੀਆਂ ਸਨ। ਵਕੀਲ ਨੇ ਇਹ ਵੀ ਕਿਹਾ ਕਿ ਕਲਿਆਣੀ ਤੋਂ ਇਲਾਵਾ ਸਿੱਪੀ ਦੀਆਂ 6 ਗਰਲਫ੍ਰੈਂਡ ਸਨ, ਜਿਨ੍ਹਾਂ ‘ਚੋਂ ਇਕ ਨਾਲ ਉਹ ਵਿਆਹ ਕਰਨਾ ਚਾਹੁੰਦਾ ਸੀ।
ਕਲਿਆਣੀ ਦੇ ਵਕੀਲ ਦੀ ਦਲੀਲ ਦਾ ਵਿਰੋਧ ਕਰਦਿਆਂ ਸੀਬੀਆਈ ਦੇ ਵਕੀਲ ਨੇ ਅਦਾਲਤ ਵਿੱਚ ਕਿਹਾ ਕਿ ਉਹ ਇੱਥੇ ਸਿਰਫ਼ ਕਾਨੂੰਨ ਦੀ ਗੱਲ ਕਰ ਰਿਹਾ ਹੈ ਜਦਕਿ ਕਲਿਆਣੀ ਦਾ ਵਕੀਲ ਭਾਵਨਾਤਮਕ ਡਰਾਮਾ ਕਰਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੀਬੀਆਈ ਦੇ ਵਕੀਲ ਨੇ ਕਿਹਾ ਕਿ ਜੇਕਰ ਕਲਿਆਣੀ ਬੇਕਸੂਰ ਹੈ ਤਾਂ ਉਸ ਨੂੰ ਅਦਾਲਤ ਤੋਂ ਰਿਹਾਅ ਕਰ ਦਿੱਤਾ ਜਾਵੇਗਾ ਪਰ ਉਸ ਦਾ 7 ਦਿਨ ਦਾ ਰਿਮਾਂਡ ਲੈਣਾ ਜ਼ਰੂਰੀ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੁਲਜ਼ਮ ਕਲਿਆਣੀ ਨੂੰ ਮੁੜ ਦੋ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ।