• ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦਾ ਕੈਡੇਟ ਰਿਹੈ ਪਠਾਨਕੋਟ ਦਾ ਰਾਘਵ
ਚੰਡੀਗੜ੍ਹ, 22 ਜੂਨ 2022 – ਫਲਾਇੰਗ ਅਫਸਰ ਰਾਘਵ ਅਰੋੜਾ, ਜੋ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏਐਫਪੀਆਈ), ਮੋਹਾਲੀ ਦੇ ਕੈਡੇਟ ਰਹੇ ਹਨ, ਨੂੰ ਏਅਰ ਫੋਰਸ ਅਕੈਡਮੀ, ਡੁੰਡੀਗਲ, ਹੈਦਰਾਬਾਦ ਵਿਖੇ ਹੋਈ ਕੰਬਾਈਨਡ ਗ੍ਰੈਜੂਏਸ਼ਨ ਪਰੇਡ (ਸੀਜੀਪੀ) ਵਿਚ ਵੱਕਾਰੀ ‘ਸਵੌਰਡ ਆਫ਼ ਆਨਰ’ ਪੁਰਸਕਾਰ ਅਤੇ ‘ਬੈਸਟ ਇਨ ਫਲਾਇੰਗ’ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ।
ਪਠਾਨਕੋਟ ਦੇ ਰਹਿਣ ਵਾਲੇ ਰਾਘਵ ਨੇ 2018 ਵਿੱਚ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਜਾਣ ਲਈ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ 6ਵੇਂ ਕੋਰਸ ਵਿੱਚ ਗ੍ਰੈਜੂਏਸ਼ਨ ਕੀਤੀ। ਉਹਨਾਂ ਦੇ ਮਾਤਾ-ਪਿਤਾ ਡਾਕਟਰ ਹਨ ਅਤੇ ਮੌਜੂਦਾ ਸਮੇਂ ਇੱਕ ਫਾਰਮਾਸਿਊਟੀਕਲ ਕਾਰੋਬਾਰ ਚਲਾ ਰਹੇ ਹਨ। ਐਨਡੀਏ ਦੀ ਸਮੁੰਦਰੀ ਟੀਮ ਦਾ ਹਿੱਸਾ ਹੋਣ ਦੇ ਨਾਲ-ਨਾਲ ਉਹਨਾਂ ਨੇ ਵਾਲੀਬਾਲ ਅਤੇ ਸਕੁਐਸ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਉਹ ਆਪਣੇ ਵਿਹਲੇ ਸਮੇਂ ਵਿੱਚ ਸਕੈਚਿੰਗ ਅਤੇ ਆਇਲ ਪੇਂਟਿੰਗ ਵੀ ਕਰਦੇ ਹਨ।
ਉਹਨਾਂ ਨੂੰ ਫਾਈਟਰ ਸਟ੍ਰੀਮ ਅਲਾਟ ਕੀਤਾ ਗਿਆ ਹੈ ਅਤੇ ਹੁਣ ਉਹ ਹਾਕ-ਐਮਕੇ-132 ਏਅਰਕ੍ਰਾਫਟ ‘ਤੇ ਆਪਣੀ ਫੇਜ਼-III ਫਲਾਇੰਗ ਟ੍ਰੇਨਿੰਗ ਲੈਣ ਲਈ ਏਅਰ ਫੋਰਸ ਸਟੇਸ਼ਨ, ਬਿਦਰ ਜਾਣਗੇ।
ਪੰਜਾਬ ਦੇ ਲੋਕਾਂ ਅਤੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਨੂੰ ਪੰਜਾਬ ਦੇ ਇਸ ਸਪੂਤ ‘ਤੇ ਮਾਣ ਹੈ ਅਤੇ ਉਹ ਉਸ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦੇ ਹਨ।
ਦੇਸ਼ ਦੀ ਸੇਵਾ ਕਰਨ ਦਾ ਮੌਕਾ ਦੇਣ ਲਈ ਪਰਮਾਤਮਾ ਦਾ ਧੰਨਵਾਦ ਕਰਦਿਆਂ ਰਾਘਵ ਅਰੋੜਾ ਨੇ ਕਿਹਾ, “ਜਦੋਂ ਅਸੀਂ ਇਸ ਵੱਕਾਰੀ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵਿੱਚ ਸ਼ਾਮਲ ਹੋਏ ਸਾਂ, ਤਾਂ ਸਾਨੂੰ ਇਸ ਬਾਰੇ ਬਹੁਤ ਘੱਟ ਜਾਣਕਾਰੀ ਸੀ ਕਿ ਅੱਗੇ ਕੀ ਹੋਵੇਗਾ।”
ਇਸ ਨਵ-ਨਿਯੁਕਤ ਅਧਿਕਾਰੀ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵਿੱਚ ਬਿਤਾਏ ਦੋ ਸਾਲਾਂ ਨੇ ਸੱਚਮੁੱਚ ਮੇਰੀ ਜਿੰਦਗੀ ਬਦਲ ਦਿੱਤੀ ਅਤੇ ਅਸੀਂ ਮੁੰਡਿਆਂ ਤੋਂ ਪੁਰਸ਼ ਅਤੇ ਦੇਸ਼ ਦੀ ਰਾਖੀ ਲਈ ਜਵਾਨ ਬਣ ਗਏ।
ਰਾਘਵ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਸਾਨੂੰ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵਿਖੇ ਪੀ.ਟੀ., ਖੇਡਾਂ, ਵਿਚਾਰ-ਚਰਚਾ ਅਤੇ ਡ੍ਰਿਲ ਸਮੇਤ ਅਨੇਕਾਂ ਹੁਨਰਾਂ ਦੀ ਸਿਖਲਾਈ ਦਿੱਤੀ ਗਈ। ਭਾਵੇਂ ਪੀਟੀ ਇੰਸਟ੍ਰਕਟਰ ਨੇ ਸਾਡੇ ਦਿਨ ਥਕਾਵਟ ਭਰਪੂਰ ਬਣਾ ਦਿੱਤੇ ਸਨ ਪਰ ਉਹ ਬੁਹਤ ਪ੍ਰੇਰਣਾਦਾਇਕ ਸਨ। ਉਹਨਾਂ ਅੱਗੇ ਕਿਹਾ ਕਿ ਸੀਨੀਅਰਜ਼ ਨੇ ਹਮੇਸ਼ਾ ਸਾਡਾ ਮਾਰਗ ਦਰਸ਼ਨ ਕੀਤਾ ਅਤੇ ਅੱਗੇ ਵਧਣ ਲਈ ਵੱਡਮੁੱਲੇ ਸੁਝਾਅ ਦਿੱਤੇ।
ਉਹਨਾਂ ਨੇ ਕਿਹਾ ਕਿ ਸਕੁਐਡਰਨ ਕਮਾਂਡਰਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ, ਜਿਸ ਨਾਲ ਸਾਨੂੰ ਇਹ ਸਮਝ ਆਈ ਕਿ ਇੱਕ ਅਧਿਕਾਰੀ ਖਾਸ ਤੌਰ ‘ਤੇ ਸੂਝਵਾਨ ਇਨਸਾਨ ਹੋਣ ਦਾ ਕੀ ਅਰਥ ਹੈ।
ਰਾਘਵ ਅਰੋੜਾ ਨੇ ਕਿਹਾ ਕਿ ਸਾਡੇ ਡਾਇਰੈਕਟਰ ਨੇ ਸਾਨੂੰ ਸੌਖੇ ਅਤੇ ਗਲਤ ਰਾਹ ਦੀ ਚੋਣ ਕਰਨ ਬਜਾਏ ਹਮੇਸ਼ਾ ਸਹੀ ਭਾਵੇਂ ਔਖਾ ਹੀ ਹੋਵੇ, ਦੀ ਚੋਣ ਕਰਨੀ ਸਿਖਾਈ ਅਤੇ ਅਨੁਸ਼ਾਸਨਮਈ ਜ਼ਿੰਦਗੀ ਦੇ ਅਸਲ ਮਾਇਨੇ ਸਿਖਾਏ।
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (6ਵਾਂ ਕੋਰਸ) ਦੇ ਇੱਕ ਹੋਰ ਸਾਬਕਾ ਵਿਦਿਆਰਥੀ ਸ਼ੁਭਦੀਪ ਸਿੰਘ ਔਲਖ ਨੂੰ ਵੀ ਭਾਰਤੀ ਹਵਾਈ ਸੈਨਾ ਦੀ ਫਲਾਇੰਗ ਬ੍ਰਾਂਚ ਵਿੱਚ ਨਿਯੁਕਤ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਫਾਇਟਰ ਸਟ੍ਰੀਮ ਮਿਲਿਆ ਹੈ। ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਤੋਂ ਪਾਸ ਹੋਣ ਉਪਰੰਤ, ਸ਼ੁਭਦੀਪ ਸਿੰਘ ਔਲਖ ਨੇ 140ਵੇਂ ਐਨਡੀਏ ਕੋਰਸ ਵਿੱਚ ਦਾਖ਼ਲਾ ਲਿਆ ਅਤੇ ਬਾਅਦ ਵਿੱਚ ਏਅਰ ਫੋਰਸ ਅਕੈਡਮੀ, ਹੈਦਰਾਬਾਦ ਵਿਖੇ 140ਵੇਂ ਪੀਸੀ ਵਿੱਚ ਦਾਖ਼ਲਾ ਲੈ ਲਿਆ। ਉਸ ਨੇ 18 ਜੂਨ, 2022 ਨੂੰ ਕੋਰਸ ਪਾਸ ਕੀਤਾ। ਪਾਸ ਹੋਣ ‘ਤੇ ਸ਼ੁਭਦੀਪ ਔਲਖ ਨੇ ਕਈ ਪੁਰਸਕਾਰ ਅਤੇ ਟਰਾਫੀਆਂ ਹਾਸਲ ਕੀਤੀਆਂ। ਉਹਨਾਂ ਨੇ ਏਅਰ ਫੋਰਸ ਅਕੈਡਮੀ ਵਿਖੇ ਫਲਾਇੰਗ ਅਤੇ ਗਰਾਊਂਡ ਸਬਜੈਕਟਸ ਵਿੱਚ ਓਵਰਆਲ ਪਹਿਲਾ ਸਥਾਨ ਹਾਸਲ ਕੀਤਾ ਅਤੇ ਆਪਣੇ ਫਲਾਇੰਗ ਕੋਰਸ ਦੇ ਸਭ ਤੋਂ ਹੋਣਹਾਰ ਕੈਡੇਟ ਦੀ ਟਰਾਫੀ ਹਾਸਲ ਕੀਤੀ। ਇਸ ਦੇ ਨਾਲ ਹੀ, ਉਹ ਆਪਣੇ ਕੋਰਸ ਦੀ ਯੋਗਤਾ ਦੇ ਸਮੁੱਚੇ ਕ੍ਰਮ ਵਿੱਚ ਦੂਜੇ ਸਥਾਨ ‘ਤੇ ਰਹੇ।
ਜ਼ਿਕਰਯੋਗ ਹੈ ਕਿ ਸ਼ੁਭਦੀਪ ਦੇ ਪਿਤਾ ਨੇ ਵੀ ਭਾਰਤੀ ਹਵਾਈ ਸੈਨਾ ਵਿੱਚ ਸੇਵਾ ਨਿਭਾਈ ਹੈ, ਜੋ ਵਿੰਗ ਕਮਾਂਡਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ। ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਨੂੰ ਆਪਣੇ ਕੈਡੇਟ ਦੀਆਂ ਪ੍ਰਾਪਤੀਆਂ ‘ਤੇ ਮਾਣ ਹੈ ਅਤੇ ਭਾਰਤੀ ਹਵਾਈ ਸੈਨਾ ਦੇ ਲੜਾਕੂ ਪਾਇਲਟ ਵਜੋਂ ਉਸਦੇ ਸਫਲਤਾਪੂਰਵਕ ਅਤੇ ਸੁਨਹਿਰੀ ਕਰੀਅਰ ਦੀ ਕਾਮਨਾ ਕਰਦਾ ਹੈ।