ਸੰਗਰੂਰ, 22 ਜੂਨ 2022 – ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਕੱਲ੍ਹ 23 ਜੂਨ ਨੂੰ ਵੋਟਾਂ ਪੈਣ ਜਾ ਰਹੀਆਂ ਹਨ। ਸੱਤਾਧਾਰੀ ਆਮ ਆਦਮੀ ਪਾਰਟੀ ਦੇ ਕਿਲ੍ਹੇ ਨੂੰ ਤੋੜਨ ਲਈ ਸਾਰੀਆਂ ਪਾਰਟੀਆਂ ਨੇ ਆਪੋ-ਆਪਣੀਆਂ ਕੋਸ਼ਿਸ਼ਾਂ ਕੀਤੀਆਂ ਹਨ। ਹੁਣ ਕਮਾਨ ਲੀਡਰਾਂ ਤੋਂ ਵੋਟਰਾਂ ਦੇ ਹੱਥਾਂ ਵਿੱਚ ਚਲੀ ਗਈ ਹੈ। ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਦੇ ਕੁੱਲ 9 ਵਿਧਾਨ ਸਭਾ ਹਲਕਿਆਂ ਵਿੱਚ 15 ਲੱਖ 69 ਹਜ਼ਾਰ 240 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜੋ ਕਿ ਚੋਣ ਮੈਦਾਨ ਵਿੱਚ ਉਤਰੇ 16 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।
ਲੋਕ ਸਭਾ ਹਲਕਾ ਸੰਗਰੂਰ ਵਿੱਚ 8 ਲੱਖ 30 ਹਜ਼ਾਰ 056 ਪੁਰਸ਼, 7 ਲੱਖ 39 ਹਜ਼ਾਰ 140 ਔਰਤਾਂ ਅਤੇ 44 ਹੋਰ ਵੋਟਰ ਹਨ। ਜ਼ਿਲ੍ਹੇ ਵਿੱਚ ਕੁੱਲ ਵੋਟਰ 9 ਲੱਖ 70 ਹਜ਼ਾਰ 027 ਹਨ, ਜਿਨ੍ਹਾਂ ਵਿੱਚੋਂ 4 ਲੱਖ 79 ਹਜ਼ਾਰ 884 ਪੁਰਸ਼ ਅਤੇ ਇਸਤਰੀ ਵੋਟਰ 4 ਲੱਖ 27 ਹਜ਼ਾਰ 121 ਅਤੇ ਤੀਜੇ ਲਿੰਗ ਦੇ 22 ਵੋਟਰ ਹਨ। ਇਸੇ ਤਰ੍ਹਾਂ ਮਲੇਰਕੋਟਲਾ ਵਿੱਚ ਕੁੱਲ ਵੋਟਰ 1 ਲੱਖ 60 ਹਜ਼ਾਰ 086 ਵੋਟਰ ਹਨ, ਜਿਨ੍ਹਾਂ ਵਿੱਚੋਂ 84 ਹਜ਼ਾਰ 832 ਮਰਦ, 75 ਹਜ਼ਾਰ 247 ਇਸਤਰੀ ਵੋਟਰ ਅਤੇ 7 ਤੀਜੇ ਲਿੰਗ ਦੇ ਵੋਟਰ ਹਨ। ਇਸੇ ਤਰ੍ਹਾਂ ਬਰਨਾਲਾ ਜ਼ਿਲ੍ਹੇ ਵਿੱਚ ਕੁੱਲ 5 ਲੱਖ 2 ਹਜ਼ਾਰ 127 ਵੋਟਰ ਹਨ, ਜਿਨ੍ਹਾਂ ਵਿੱਚੋਂ 2 ਲੱਖ 65 ਹਜ਼ਾਰ 340 ਪੁਰਸ਼, 2 ਲੱਖ 36 ਹਜ਼ਾਰ 772 ਮਹਿਲਾ ਵੋਟਰ ਅਤੇ 15 ਤੀਜੇ ਲਿੰਗ ਦੇ ਵੋਟਰ ਹਨ।