ਖੰਨਾ, 23 ਜੂਨ 2022 – ਦੇਸ਼ ਦੀ ਰੱਖਿਆ ਕਰਦਾ ਇਤਹਾਸਕ ਨਗਰ ਪਿੰਡ ਸਲੌਦੀ ਸਿੰਘਾਂ ਦੀ ਦਾ ਫੌਜੀ ਨੌਜਵਾਨ ਸਵਰਨਜੀਤ ਸਿੰਘ ਲੇਹ ਲਦਾਖ ‘ਚ ਸ਼ਹੀਦੀ ਪ੍ਰਾਪਤ ਕਰ ਗਿਆ ਹੈ। ਜਿਸ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਬੀਤੇ ਦਿਨ ਲੇਹ ਲੱਦਾਖ ਵਿੱਚ ਡਿਊਟੀ ਤੋਂ ਪਰਤ ਰਹੇ ਫੌਜੀ ਨੌਜਵਾਨਾਂ ਦੀ ਗੱਡੀ ਬਰਫ਼ ਧਣਸ ਕਾਰਨ ਖੱਡ ਵਿੱਚ ਡਿੱਗ ਗਈ ਸੀ। ਇਸ ਫੌਜ ਦੀ ਸਰਕਾਰੀ ਗੱਡੀ ਵਿੱਚ ਤਿੰਨ ਨੌਜਵਾਨ ਸਵਾਰ ਸਨ। ਜਿਨ੍ਹਾਂ ਵਿੱਚ ਪਿੰਡ ਸਲੌਦੀ ਸਿੰਘਾਂ ਦਾ ਫੌਜੀ ਨੌਜਵਾਨ ਸਵਰਨਜੀਤ ਸਿੰਘ ਵੀ ਸਵਾਰ ਸੀ ਜੋ ਕਿ ਇਸ ਹਾਦਸੇ ਸ਼ਹੀਦ ਹੋ ਗਿਆ। ਜਦ ਕਿ ਉਸ ਦੇ ਸਾਥੀ ਗੰਭੀਰ ਜ਼ਖ਼ਮੀ ਹੋ ਗਏ।
ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਸਵਰਨਜੀਤ ਸਿੰਘ ਸੰਨ 2008 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ।ਵੱਖ ਵੱਖ ਥਾਵਾਂ ਤੇ ਡਿਊਟੀ ਕਰਨ ਉਪਰੰਤ ਇਸ ਸਮੇਂ ਉਹ ਲੇਹ ਲੱਦਾਖ ਵਿੱਚ ਤਾਇਨਾਤ ਸੀ। ਕੁਝ ਮਹੀਨੇ ਪਹਿਲਾਂ ਹੀ ਛੁੱਟੀ ਕੱਟ ਕੇ ਗਿਆ ਸੀ।ਡਿਊਟੀ ਤੇ ਜਾਣ ਲੱਗੇ ਕਿਹਾ ਕਿ ਮੈਂ ਬਹੁਤ ਜਲਦ ਡਿਊਟੀ ਪੂਰੀ ਕਰਕੇ ਘਰ ਵਾਪਸੀ ਕਰਾਂਗਾ।ਪਰ ਅਚਾਨਕ ਇਹ ਭਾਣਾ ਵਾਪਰ ਗਿਆ।
ਸ਼ਹੀਦ ਸਵਰਨਜੀਤ ਸਿੰਘ ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਰਾਤ ਗਿਆਰਾਂ ਵਜੇ ਫੌਜ ਦੇ ਅਫਸਰਾਂ ਦਾ ਫੋਨ ਆਇਆ ਸੀ ਕਿ ਤੁਹਾਡਾ ਲੜਕਾ ਸਵਰਨਜੀਤ ਸਿੰਘ ਦੇਸ਼ ਦੀ ਸੇਵਾ ਕਰਦਾ ਹੋਇਆ ਸ਼ਹੀਦੀ ਪ੍ਰਾਪਤ ਕਰ ਗਿਆ ਹੈ। ਉਹਨਾਂ ਦੱਸਿਆ ਕਿ ਕੱਲ ਤੱਕ ਸ਼ਹੀਦ ਦੀ ਦੇਹ ਸਾਡੇ ਨਗਰ ਪਿੰਡ ਸਲੌਦੀ ਸਿੰਘਾਂ ਦੀ ਵਿਖੇ ਪਹੁੰਚੇਗੀ। ਸ਼ਹੀਦ ਦੇ ਪਿਤਾ ਪਰਮਜੀਤ ਸਿੰਘ ਨੇ ਕਿਹਾ ਜਿੱਥੇ ਮੇਰੇ ਪੁੱਤ ਦਾ ਇਸ ਦੁਨੀਆਂ ਤੋਂ ਤੁਰ ਜਾਣ ਦਾ ਦੁੱਖ ਹੈ ਉੱਥੇ ਹੀ ਸਾਨੂੰ ਉਸ ਦੀ ਸ਼ਹੀਦੀ ਉੱਪਰ ਮਾਣ ਵੀ ਹੈ।
ਸ਼ਹੀਦ ਦੀ ਪਤਨੀ ਗੁਰਪ੍ਰੀਤ ਕੌਰ ਦਾ ਰੋ ਰੋ ਬੁਰਾ ਹਾਲ ਹੋਇਆ ਪਿਆ ਸੀ।ਸ਼ਹੀਦ ਦੀ ਪਤਨੀ ਗੁਰਪ੍ਰੀਤ ਕੌਰ ਰੋਂਦੇ ਹੋਏ ਕਿਹਾ ਕਿ ਮੇਰਾ ਪਤੀ ਮੈਨੂੰ ਵਾਪਸ ਚਾਹੀਦਾ ਹੈ ਮੇਰੇ ਬੱਚਿਆਂ ਦਾ ਪਿਤਾ ਹੋਰ ਮੈਨੂੰ ਕਝ ਨਹੀਂ। ਉਹਨਾਂ ਕਿਹਾ ਕਿ ਕੱਲ ਹੀ ਮੇਰੀ ਫੋਨ ਤੇ ਗੱਲ ਹੋਈ ਸੀ ਉਹਨਾਂ ਨੇ ਕਿਹਾ ਸੀ ਕਿ ਮੈਂ ਲੇਹ ਲਦਾਖ ਤੋਂ ਵਾਪਸ ਆ ਕੇ ਤੁਹਾਡੇ ਨਾਲ ਵੀਡੀਓ ਕਾਲ ਕਰਾਂਗਾ ਇੱਥੇ ਨੈਟਵਰਕ ਨਹੀਂ ਆ ਰਿਹਾ। ਸ਼ਹੀਦ ਸਵਰਨਜੀਤ ਸਿੰਘ ਪਰਿਵਾਰ ਵਿੱਚ ਮਾਤਾ ਪਿਤਾ,ਪਤਨੀ, ਦੋ ਬੱਚੀਆਂ, ਦੋ ਛੋਟੇ ਭਰਾ ਛੱਡ ਗਿਆ ਹੈ। ਸ਼ਹੀਦ ਸਵਰਨਜੀਤ ਸਿੰਘ ਦਾ ਛੋਟਾ ਭਰਾ ਸਰਬਜੀਤ ਸਿੰਘ ਵੀ ਫੌਜ ਵਿੱਚ ਰਹਿ ਕੇ ਦੇਸ਼ ਦੀ ਸੇਵਾ ਕਰ ਰਿਹਾ ਹੈ।