ਬਠਿੰਡਾ, 26 ਜੂਨ 2022 – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਵਿੱਚ ਨਵਾਂ ਖੁਲਾਸਾ ਹੋਇਆ ਹੈ। ਲੁਧਿਆਣਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਦੇ ਦੋਸਤ ਬਲਦੇਵ ਚੌਧਰੀ ਨਾਲ ਬਠਿੰਡਾ ਗਈ ਹੋਈ ਸੀ। ਉੱਥੇ ਹੀ ਪੈਟਰੋਲ ਪੰਪ ਤੋਂ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ‘ਚ ਲਈ। ਪੰਪ ਦੀ CCTV ‘ਚ ਦਿਖਾਈ ਦਿੱਤੀ ਫਾਰਚੂਨਰ ਕਾਰ ਵਿੱਚ ਮੂਸੇਵਾਲਾ ਦੇ ਕਾਤਲਾਂ ਨੂੰ ਹਥਿਆਰ ਸਪਲਾਈ ਕੀਤੇ ਗਏ ਸਨ। ਕਾਰ ‘ਚ 4 ਲੋਕ ਦਿਖਾਈ ਦੇ ਰਹੇ ਹਨ, ਜਿਨ੍ਹਾਂ ਨੇ ਇਸ ਪੈਟਰੋਲ ਪੰਪ ਤੋਂ ਤੇਲ ਪਵਾਇਆ ਸੀ।
ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਫਾਰਚੂਨਰ ਦਿੱਲੀ ਦੀ ਹੈ। ਕਾਰ ਦਾ ਮਾਲਕ ਵਿਦੇਸ਼ ਵਿੱਚ ਰਹਿੰਦਾ ਹੈ। ਹੁਣ ਪੁਲਿਸ ਕਾਰ ਦੇ ਮਾਲਕ ਦੀ ਭਾਲ ਕਰ ਰਹੀ ਹੈ, ਤਾਂ ਜੋ ਪਤਾ ਲੱਗ ਸਕੇ ਕਿ ਉਸਨੇ ਇਹ ਕਾਰ ਕਿਸ ਨੂੰ ਦਿੱਤੀ ਸੀ। ਇਹ ਕਾਰ 2012 ਮਾਡਲ ਦੀ ਹੈ। ਬਲਦੇਵ ਚੌਧਰੀ ਨੇ ਪੁਲੀਸ ਨੂੰ ਇਹ ਵੀ ਦੱਸਿਆ ਕਿ ਜਿਸ ਰਾਤ ਮੂਸੇਵਾਲਾ ਦਾ ਕਤਲ ਹੋਇਆ ਸੀ, ਉਸੇ ਰਾਤ ਉਸ ਨੇ ਆਪਣਾ ਮੋਬਾਈਲ ਮਨੀ ਨੂੰ ਨਸ਼ਟ ਕਰਨ ਲਈ ਦਿੱਤਾ ਸੀ।
ਮਨੀ ਬਲਦੇਵ ਚੌਧਰੀ ਦਾ ਖਾਸਮ-ਖਾਸ ਹੈ। ਜਿਸ ਰਾਤ ਮੂਸੇਵਾਲਾ ਨੂੰ ਮਾਰਿਆ ਗਿਆ, ਉਸ ਰਾਤ ਚੌਧਰੀ ਨੇ ਆਪਣਾ ਮੋਬਾਈਲ ਮਨੀ ਨੂੰ ਦੇ ਦਿੱਤਾ। ਚੌਧਰੀ ਨੇ ਮਨੀ ਨੂੰ ਮੋਬਾਈਲ ਤੋੜ ਕੇ ਨਾਲੇ ਵਿੱਚ ਸੁੱਟਣ ਲਈ ਕਿਹਾ ਅਤੇ ਅਗਲੇ ਹੀ ਦਿਨ ਮਨੀ ਨੇ ਮੋਬਾਈਲ ਤੋੜ ਕੇ ਨਾਲੇ ਵਿੱਚ ਸੁੱਟ ਦਿੱਤਾ। ਪੁਲਿਸ ਨੇ ਚੌਧਰੀ ਦੇ ਇਸ਼ਾਰੇ ‘ਤੇ ਮਨੀ ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤਾ ਹੈ। ਮਨੀ ‘ਤੇ ਸਬੂਤ ਨਸ਼ਟ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਨਿੰਦਰ ਚੌਧਰੀ ਦਾ ਵੀ ਕਰੀਬੀ ਹੈ। ਨਿੰਦਰ ਅਤੇ ਬਲਦੇਵ ਚੌਧਰੀ ਭਾਦਸੋਂ ਦੇ ਰਹਿਣ ਵਾਲੇ ਗੋਲਡੀ ਬਰਾੜ ਦੇ ਸਾਥੀ ਜਸਕਰਨ ਤੋਂ ਹਥਿਆਰ ਲੈਣ ਗਏ ਸਨ। ਜਸਕਰਨ ਨੇ ਦੋ ਪਿਸਤੌਲ ਬਲਦੇਵ ਚੌਧਰੀ ਅਤੇ ਇੱਕ ਹੋਰ ਵਿਅਕਤੀ ਨੂੰ ਦਿੱਤੇ ਸਨ। ਬਲਦੇਵ ਚੌਧਰੀ ਕੋਲੋਂ ਦੋ ਪਿਸਤੌਲ ਤਾਂ ਬਰਾਮਦ ਹੋਏ ਪਰ ਤੀਜੇ ਪਿਸਤੌਲ ਦਾ ਮੁਲਜ਼ਮ ਅਜੇ ਵੀ ਪੁਲੀਸ ਦੀ ਪਕੜ ਤੋਂ ਦੂਰ ਹੈ। ਚੌਧਰੀ ਦੇ ਇਸ਼ਾਰੇ ’ਤੇ ਹੀ ਪੁਲੀਸ ਨੇ ਨਿੰਦਰ ਨੂੰ ਗ੍ਰਿਫ਼ਤਾਰ ਕੀਤਾ ਸੀ।
ਲੁਧਿਆਣਾ ਪੁਲਿਸ ਨੇ ਬਲਦੇਵ ਚੌਧਰੀ ਦੇ ਇਸ਼ਾਰੇ ‘ਤੇ ਜਸਕਰਨ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਜਸਕਰਨ 10ਵੀਂ ਪਾਸ ਹੈ ਅਤੇ ਕਬੱਡੀ ਦਾ ਖਿਡਾਰੀ ਹੈ। ਮੋਹਾਲੀ ‘ਚ ਮਾਰਿਆ ਗਿਆ ਗੁਰਲਾਲ ਬਰਾੜ ਗੋਲਡੀ ਦੀ ਭੂਆ ਦਾ ਪੁੱਤ ਸੀ। ਗੁਰਲਾਲ ਅਤੇ ਜਸਕਰਨ ਦੇ ਚੰਗੇ ਰਿਸ਼ਤੇ ਸਨ। ਇਹ ਗੁਰਲਾਲ ਹੀ ਸੀ ਜਿਸ ਨੇ ਜਸਕਰਨ ਨੂੰ ਗੋਲਡੀ ਨਾਲ ਮਿਲਾਇਆ ਸੀ। ਜਸਕਰਨ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸਨੂੰ ਸਰਹਿੰਦ ਦੇ ਇੱਕ ਵਿਅਕਤੀ ਨੇ ਤਿੰਨ ਪਿਸਤੌਲਾਂ ਵਾਲਾ ਬੈਗ ਦਿੱਤਾ ਸੀ। ਬਲਦੇਵ ਚੌਧਰੀ ਨੂੰ 2 ਪਿਸਤੌਲ ਅਤੇ ਇੱਕ ਪਿਸਤੌਲ ਕਿਸੇ ਹੋਰ ਨੂੰ ਦੇ ਦਿੱਤਾ।
ਦੱਸ ਦੇਈਏ ਕਿ ਲੁਧਿਆਣਾ ‘ਚ ਜੋ ਵੀ ਲਾਰੈਂਸ ਬਿਸ਼ਨੋਈ ਦਾ ਖਾਸ ਦੋਸਤ ਅਤੇ ਕਰੀਬੀ ਰਿਹਾ ਹੈ, ਹੁਣ ਜ਼ਿਲਾ ਪੁਲਸ ਉਨ੍ਹਾਂ ‘ਤੇ ਸ਼ਿਕੰਜਾ ਕੱਸਣ ਜਾ ਰਹੀ ਹੈ। ਪੁਲਿਸ ਲਾਰੈਂਸ ਨਾਲ ਸਬੰਧਿਤ ਲੋਕਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕਰ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਚੌਧਰੀ ਤੋਂ ਸ਼ਹਿਰ ‘ਚ ਜਿਹੜੇ ਲੋਕ ਲਾਰੈਂਸ ਦੇ ਨਜ਼ਦੀਕੀ ਰਹੇ ਹਨ ਜਾਂ ਉਸ ਦੇ ਸੰਪਰਕ ‘ਚ ਰਹੇ ਹਨ, ਉਨ੍ਹਾਂ ਨੂੰ ਵੀ ਹੁਣ ਸ਼ਿਕੰਜੇ ‘ਚ ਲਿਆ ਜਾ ਰਿਹਾ ਹੈ। ਪੁਲਿਸ ਨੇ ਕੁਝ ਲੋਕਾਂ ਦੀ ਸੂਚੀ ਵੀ ਬਣਾਈ ਹੈ। ਪੁਲਿਸ ਆਉਣ ਵਾਲੇ ਦਿਨਾਂ ‘ਚ ਜਲਦ ਹੀ ਵੱਡੇ ਖੁਲਾਸੇ ਕਰਨ ਜਾ ਰਹੀ ਹੈ।
ਪੁਲੀਸ ਨੇ 14 ਜੂਨ ਨੂੰ ਬਲਦੇਵ ਚੌਧਰੀ ਉਰਫ਼ ਬੱਲੂ (30) ਅਤੇ ਉਸ ਦੇ ਸਾਥੀ ਅੰਕਿਤ ਸ਼ਰਮਾ (29) ਵਾਸੀ ਕਾਲੀ ਰੋਡ ਨੂੰ ਗ੍ਰਿਫ਼ਤਾਰ ਕੀਤਾ ਸੀ। ਬਲਦੇਵ ਚੌਧਰੀ ਲੁਧਿਆਣਾ ਦਾ ਇੱਕ ਟਰਾਂਸਪੋਰਟਰ ਹੈ। ਟਰਾਂਸਪੋਰਟ ਨਗਰ ‘ਚ ਇਕ ਵਪਾਰੀ ਦੇ ਦਫਤਰ ‘ਚ ਦਾਖਲ ਹੋ ਕੇ ਕਤਲ ਕਰਨ ਦਾ ਮਾਮਲਾ ਥਾਣਾ ਮੋਤੀ ਨਗਰ ‘ਚ ਦਰਜ ਕੀਤਾ ਗਿਆ ਹੈ। ਬਲਦੇਵ ਚੌਧਰੀ ਅਤੇ ਲਾਰੈਂਸ ਚੰਡੀਗੜ੍ਹ ਵਿੱਚ ਇਕੱਠੇ ਰਹਿ ਚੁੱਕੇ ਹਨ।