- ਦੇਰ ਰਾਤ ਇੱਕ ਵਜੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਲੈ ਕੇ ਪਹੁੰਚੀ ਪੁਲੀਸ
ਅੰਮ੍ਰਿਤਸਰ, 28 ਜੂਨ 2022 – ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਮਾਨਸਾ ਪੁਲਿਸ ਦੀ ਪੁੱਛਗਿੱਛ ਖ਼ਤਮ ਹੋਣ ਤੋਂ ਬਾਅਦ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਪਤਾ ਲੱਗਾ ਹੈ ਕਿ ਅਗਸਤ 2021 ’ਚ ਹੋਏ ਗੈਂਗਸਟਰ ਰਾਣਾ ਕੰਦੋਵਾਲੀਆ ਕਤਲ ਕੇਸ ’ਚ ਪੁਲਿਸ ਬਿਸ਼ਨੋਈ ਤੋਂ ਪੁੱਛਗਿੱਛ ਕਰਨ ਜਾ ਰਹੀ ਹੈ। ਇਸ ਸਬੰਧੀ ਥਾਣਾ ਮਜੀਠਾ ਰੋਡ ਦੀ ਪੁਲਿਸ ਨੇ ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਉਸ ਦੇ ਆਕਾ ਲਾਰੈਂਸ ਬਿਸ਼ਨੋਈ ਤੇ ਇਕ ਦਰਜਨ ਸ਼ਾਰਪ ਸ਼ੂਟਰਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ ਅਤੇ ਹੁਣ ਅੰਮ੍ਰਿਤਸਰ ਵਿਚ ਲਿਆਉਣ ਤੋਂ ਬਾਅਦ ਲਾਰੈਂਸ ਬਿਸ਼ਨੋਈ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਦੀ ਮਾਯੋਗ ਅਦਾਲਤ ਵਿਚ ਵੀ ਪੇਸ਼ ਕੀਤਾ ਜਾਵੇਗਾ।
ਦੱਸ ਦੇਈਏ ਕਿ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਟਰਾਂਜ਼ਿਟ ਰਿਮਾਂਡ ਹਾਸਲ ਕਰਨ ਤੋਂ ਬਾਅਦ ਪੰਜਾਬ ਪੁਲਿਸ 15 ਜੂਨ ਦੀ ਰਾਤ ਨੂੰ ਬਿਸ਼ਨੋਈ ਨੂੰ ਤਿਹਾੜ ਜੇਲ੍ਹ ਤੋਂ ਮਾਨਸਾ ਲੈ ਗਈ ਸੀ ਅਤੇ ਭਾਰੀ ਸੁਰੱਖਿਆ ਵਿਚਕਾਰ ਤੜਕੇ 4.30 ਵਜੇ ਅਦਾਲਤ ਵਿੱਚ ਪੇਸ਼ ਕਰਕੇ ਸੱਤ ਦਿਨ ਦਾ ਪੁਲਿਸ ਰਿਮਾਂਡ ਲਿਆ ਸੀ। ਪੁਲਿਸ ਰਿਮਾਂਡ ਖ਼ਤਮ ਹੋਣ ਮਗਰੋਂ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਇੱਥੇ ਮੁੜ ਅਦਾਲਤ ਨੇ ਉਸ ਦਾ 27 ਜੂਨ ਤੱਕ ਪੁਲਿਸ ਰਿਮਾਂਡ ਦਿੱਤਾ, ਜੋ ਸੋਮਵਾਰ ਨੂੰ ਖ਼ਤਮ ਹੋ ਗਿਆ। ਮਾਨਸਾ ਪੁਲਿਸ ਨੇ ਸੋਮਵਾਰ ਦੁਪਹਿਰ ਬਿਸ਼ਨੋਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਸੀ।