- ਪੰਜਾਬ ‘ਚ 30 ਜੂਨ ਤੋਂ 2 ਜੁਲਾਈ ਤੱਕ ਪਹੁੰਚੇਗਾ ਮਾਨਸੂਨ, ਜਾਣੋ ਮਾਸ ਵਿਭਾਗ ਦੀ ਤਾਜ਼ਾ ਅਪਡੇਟ
ਲੁਧਿਆਣਾ, 28 ਜੂਨ 2022 – ਪੰਜਾਬ ਵਿੱਚ ਜਲਦੀ ਹੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਇਸ ਵਾਰ ਮਾਨਸੂਨ 30 ਜੂਨ ਤੋਂ 2 ਜੁਲਾਈ ਦਰਮਿਆਨ ਆ ਸਕਦਾ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਡਾ: ਮਨਮੋਹਨ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਪਹਿਲਾਂ 2 ਜੁਲਾਈ ਤੋਂ ਬਾਅਦ ਮਾਨਸੂਨ ਆਉਣ ਦੀ ਉਮੀਦ ਸੀ ਪਰ ਮੌਜੂਦਾ ਸਥਿਤੀ ਦੇ ਮੁਤਾਬਕ ਮਾਨਸੂਨ ਸਮੇਂ ‘ਤੇ ਪਹੁੰਚੇਗਾ। 29 ਜੂਨ ਨੂੰ ਪੰਜਾਬ ਵਿੱਚ ਪ੍ਰੀ-ਮੌਨਸੂਨ ਮੀਂਹ ਪੈ ਸਕਦਾ ਹੈ।
ਇਸ ਸਾਲ ਜੁਲਾਈ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਰੂਪਨਗਰ, ਹੁਸ਼ਿਆਰਪੁਰ ‘ਚ ਕਈ ਥਾਵਾਂ ‘ਤੇ ਹਲਕੀ ਬਾਰਿਸ਼ ਹੋ ਸਕਦੀ ਹੈ, ਜਿਸ ਨਾਲ ਦਿਨ ਦੇ ਤਾਪਮਾਨ ‘ਚ ਗਿਰਾਵਟ ਆਵੇਗੀ। ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਮੌਸਮ ਖੁਸ਼ਕ ਰਹੇਗਾ। ਲੁਧਿਆਣਾ, ਰੋਪੜ, ਹੁਸ਼ਿਆਰਪੁਰ ਦੇ ਕਈ ਇਲਾਕਿਆਂ ‘ਚ ਬਾਅਦ ਦੁਪਹਿਰ ਥੋੜ੍ਹੇ ਸਮੇਂ ਲਈ ਬਾਰਿਸ਼ ਹੋਈ। ਅੱਜ ਦੁਪਹਿਰ ਤੋਂ ਬਾਅਦ ਵੀ ਮੀਂਹ ਪੈਣ ਦੀ ਸੰਭਾਵਨਾ ਹੈ।
ਇਸ ਸਮੇਂ ਸੂਬੇ ਵਿੱਚ ਹੁੰਮਸ ਅਤੇ ਅੱਤ ਦੀ ਗਰਮੀ ਕਾਰਨ ਲੋਕ ਪ੍ਰੇਸ਼ਾਨ ਹਨ। ਜੇਕਰ ਜਲਦੀ ਮੀਂਹ ਨਾ ਪਿਆ ਤਾਂ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਵਾਰ ਵੀ ਮੌਸਮ ‘ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਸੂਬੇ ਵਿੱਚ ਮਈ ਮਹੀਨੇ ਵਿੱਚ ਸਭ ਤੋਂ ਵੱਧ ਮੀਂਹ ਪਿਆ। ਹਾਲਾਂਕਿ, ਜੂਨ ਵਿੱਚ, ਹੁਣ ਤੱਕ ਘੱਟ ਮੀਂਹ ਨਾਲ ਮੌਸਮ ਗਰਮ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਪੰਜਾਬ ਦੇ ਲੁਧਿਆਣਾ ਸਮੇਤ ਕਈ ਜ਼ਿਲਿਆਂ ‘ਚ ਬਾਰਿਸ਼ ਹੋਈ। ਇਸ ਕਾਰਨ ਲੋਕਾਂ ਨੂੰ ਹੁੰਮਸ ਤੋਂ ਕੁਝ ਰਾਹਤ ਮਿਲੀ।