ਜਲੰਧਰ, 28 ਜੂਨ 2022 – ਜਰਮਨੀ ‘ਚ 1972 ਦੀਆਂ ਸਮਰ ਓਲੰਪਿਕ ਖੇਡਾਂ ‘ਚ ਦੇਸ਼ ਲਈ ਕਾਂਸੀ ਦਾ ਤਗਮਾ ਜਿੱਤਣ ਵਾਲੇ ਓਲੰਪੀਅਨ ਵਰਿੰਦਰ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਹਨਾਂ ਨੇ ਜਲੰਧਰ ਦੇ ਪਿੰਡ ਧਨੋਵਾਲੀ ‘ਚ ਆਪਣੇ ਆਖਰੀ ਸਾਹ ਲਏ। ਉਹ 75 ਸਾਲ ਦੇ ਸਨ। 75 ਸਾਲਾ ਵਰਿੰਦਰ ਸਿੰਘ ਹਾਕੀ ਨੂੰ ਇੰਨਾ ਪਿਆਰ ਕਰਦਾ ਸੀ ਕਿ ਉਹ ਅੱਜ ਵੀ ਖਿਡਾਰੀਆਂ ਨੂੰ ਹਾਕੀ ਦੇ ਗੁਰ ਸਿਖਾ ਰਹੇ ਸਨ। ਲਾਇਲਪੁਰ ਖ਼ਾਲਸਾ ਕਾਲਜ ਫ਼ਾਰ ਵੂਮੈਨ ਹਾਕੀ ਟੀਮ ਅਤੇ ਰਾਊਂਡ ਗਲਾਸ ਹਾਕੀ ਅਕੈਡਮੀ ਦੇ ਸੀਨੀਅਰ ਕੋਚ ਵਜੋਂ ਉਹ ਆਪਣੀਆਂ ਸੇਵਾਵਾਂ ਦੇ ਰਹੇ ਸਨ।
ਉਨ੍ਹਾਂ ਨੇ ਦੇਸ਼ ਨੂੰ ਕਈ ਖਿਡਾਰੀ ਦਿੱਤੇ ਹਨ। ਉਹ ਭਾਰਤੀ ਮਹਿਲਾ ਹਾਕੀ ਟੀਮ ਅਤੇ ਭਾਰਤੀ ਪੁਰਸ਼ ਹਾਕੀ ਟੀਮ ਵਿੱਚ ਸ਼ਾਮਲ ਪੰਜਾਬੀ ਖਿਡਾਰੀਆਂ ਨੂੰ ਹਾਕੀ ਦੇ ਗੁਰ ਵੀ ਸਿਖਾਉਂਦੇ ਰਹੇ ਹਨ।
ਵਰਿੰਦਰ ਸਿੰਘ ਨੂੰ ਫੀਲਡ ਹਾਕੀ ਖਿਡਾਰੀ ਵਜੋਂ ਜਾਣਿਆ ਜਾਂਦਾ ਸੀ। ਉਹ 1985 ਤੋਂ 1193 ਤੱਕ ਪੰਜਾਬ ਐਂਡ ਸਿੰਧ ਬੈਂਕ ਹਾਕੀ ਟੀਮ ਵਿੱਚ ਕੋਚ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਸਾਲ 2008 ਪੰਜਾਬ ਖੇਡ ਵਿਭਾਗ ਵਿੱਚ ਕੋਚ ਦੀ ਭੂਮਿਕਾ ਵਿੱਚ ਰਹੇ। ਵਰਿੰਦਰ ਸਿੰਘ ਦਾ ਅੰਤਿਮ ਸਸਕਾਰ ਬਾਅਦ ਦੁਪਹਿਰ 3.30 ਵਜੇ ਧੰਨੋਵਾਲੀ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਓਲੰਪੀਅਨ ਵਰਿੰਦਰ ਸਿੰਘ ਦੇ ਨਾਂ ਕਈ ਮੈਡਲ ਹਨ।