ਖੰਨਾ (ਲੁਧਿਆਣਾ), 29 ਜੂਨ 2022 – ਖੰਨਾ ਪੁਲਿਸ ਨੇ ਮੰਗਲਵਾਰ ਨੂੰ ਨਾਕਾਬੰਦੀ ਦੌਰਾਨ 20 ਲੱਖ ਰੁਪਏ ਦੀ ਨਕਦੀ ਲੈ ਕੇ ਜਾਂਦੇ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਐਸਐਸਪੀ ਰਵੀ ਕੁਮਾਰ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਸਿਟੀ ਥਾਣਾ-2 ਦੇ ਖੇਤਰ ਵਿੱਚ ਪ੍ਰਿਸਟੀਨ ਮਾਲ ਦੇ ਸਾਹਮਣੇ ਨਾਕਾਬੰਦੀ ਕੀਤੀ ਹੋਈ ਸੀ।
ਵਾਹਨਾਂ ਦੀ ਚੈਕਿੰਗ ਦੌਰਾਨ ਇੱਕ ਕਾਰ ਵਿੱਚੋਂ 20 ਲੱਖ ਰੁਪਏ ਬਰਾਮਦ ਹੋਏ। ਇਨ੍ਹਾਂ ਵਿਅਕਤੀਆਂ ਕੋਲ ਨਕਦੀ ਸਬੰਧੀ ਕੋਈ ਸਬੂਤ ਜਾਂ ਦਸਤਾਵੇਜ਼ ਨਹੀਂ ਸਨ। ਇਸ ਕਾਰਨ ਪੁਲੀਸ ਨੇ ਨਕਦੀ ਜ਼ਬਤ ਕਰ ਕੇ ਅਗਲੇਰੀ ਜਾਂਚ ਲਈ ਕੇਸ ਆਮਦਨ ਕਰ ਵਿਭਾਗ ਨੂੰ ਸੌਂਪ ਦਿੱਤਾ ਹੈ। ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਦੇ ਆਉਣ ਤੱਕ ਪੁਲੀਸ ਨੇ ਇਹ ਨਕਦੀ ਸਿਟੀ ਥਾਣਾ-2 ਦੇ ਮਲਖਾਨੇ ਵਿੱਚ ਰੱਖੀ ਹੋਈ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 4 ਜੂਨ ਨੂੰ ਖੰਨਾ ਪੁਲਸ ਨੇ ਨਾਕਾਬੰਦੀ ਦੌਰਾਨ ਨਕਦੀ ਬਰਾਮਦ ਕੀਤੀ ਸੀ। ਪੁਲੀਸ ਨੇ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿਹੋਵਾ ਦੇ ਰਹਿਣ ਵਾਲੇ ਕ੍ਰਿਸ਼ਨ ਅਤੇ ਪ੍ਰਵੀਨ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 20 ਲੱਖ ਰੁਪਏ ਬਰਾਮਦ ਕੀਤੇ ਸਨ। ਸ਼ਹਿਰ ਵਿੱਚ ਅਜਿਹੇ ਮਾਮਲੇ ਲਗਾਤਾਰ ਵੱਧ ਰਹੇ ਹਨ।