ਮੁੰਬਈ, 29 ਜੂਨ 2022 – ਮਹਾਰਾਸ਼ਟਰ ਵਿੱਚ ਸਿਆਸੀ ਹਲਚਲ ਹੋਰ ਵਧ ਗਈ ਹੈ। ਮਹਾਰਾਸ਼ਟਰ ਦੇ ਚੀਫ਼ ਵ੍ਹਿਪ ਸੁਨੀਲ ਪ੍ਰਭੂ ਨੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਵਲੋਂ ਮੁੱਖ ਮੰਤਰੀ ਊਧਵ ਠਾਕਰੇ ਨੂੰ ਕੱਲ੍ਹ ਬਹੁਮਤ ਸਾਬਤ ਕਰਨ ਦੇ ਨਿਰਦੇਸ਼ ਨੂੰ ਚੁਨੌਤੀ ਦਿੰਦੇ ਹੋਏ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ। ਸੁਨੀਲ ਪ੍ਰਭੂ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਅੱਜ ਸ਼ਾਮ 5 ਵਜੇ ਸੁਣਵਾਈ ਕਰੇਗਾ।
ਭਲਕੇ ਵਿਧਾਨ ਸਭਾ ਵਿੱਚ ਫਲੋਰ ਟੈਸਟ ਹੋਵੇਗਾ ਜਾਂ ਨਹੀਂ ਇਸ ਨੂੰ ਲੈ ਕੇ ਸਸਪੈਂਸ ਪੈਦਾ ਹੋ ਗਿਆ ਹੈ। ਦਰਅਸਲ, ਸ਼ਿਵ ਸੈਨਾ ਨੇ ਫਲੋਰ ਟੈਸਟ ਦੇ ਆਦੇਸ਼ ਦੇ ਖਿਲਾਫ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ, ਜਿਸ ‘ਤੇ ਅੱਜ ਸ਼ਾਮ 5 ਵਜੇ ਸੁਣਵਾਈ ਹੋਵੇਗੀ।
ਦੱਸ ਦੇਈਏ ਕਿ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਭਲਕੇ ਯਾਨੀ 30 ਜੂਨ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਸੈਸ਼ਨ ਦਾ ਇੱਕੋ-ਇੱਕ ਏਜੰਡਾ ਊਧਵ ਸਰਕਾਰ ਖ਼ਿਲਾਫ਼ ਫਲੋਰ ਟੈਸਟ ਹੈ, ਜਿਸ ਨੂੰ ਵੀਰਵਾਰ ਸ਼ਾਮ 5 ਵਜੇ ਤੱਕ ਨਿਪਟਾਉਣ ਲਈ ਕਿਹਾ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਭਲਕੇ ਫਲੋਰ ਟੈਸਟ ਹੋਵੇਗਾ ਜਾਂ ਨਹੀਂ।
ਦੱਸ ਦੇਈਏ ਕਿ ਫਲੋਰ ਟੈਸਟ ਦੀ ਮੰਗ ਭਾਜਪਾ ਅਤੇ ਕੁਝ ਆਜ਼ਾਦ ਵਿਧਾਇਕਾਂ ਨੇ ਉਠਾਈ ਸੀ। ਦੇਵੇਂਦਰ ਫੜਨਵੀਸ ਨੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਵੀ ਮੁਲਾਕਾਤ ਕੀਤੀ।
ਦੂਜੇ ਪਾਸੇ ਏਕਨਾਥ ਸ਼ਿੰਦੇ ਅਤੇ ਬਾਗੀ ਵਿਧਾਇਕ ਅੱਜ ਸ਼ਾਮ ਜਾਂ ਭਲਕੇ ਮੁੰਬਈ ਪਰਤ ਸਕਦੇ ਹਨ। ਸ਼ਿੰਦੇ ਨੇ ਕਿਹਾ ਹੈ ਕਿ ਉਹ ਭਲਕੇ ਫਲੋਰ ਟੈਸਟ ਵਿੱਚ ਹਿੱਸਾ ਲੈਣਗੇ।