ਅੰਮ੍ਰਿਤਸਰ, 30 ਜੂਨ 2022 – ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦਾ ਫੋਕਲ ਪੁਆਇੰਟ ਅਤੇ ਇਸ ਦੇ ਆਸ-ਪਾਸ ਦਾ ਇਲਾਕਾ ਵੀਰਵਾਰ ਸਵੇਰੇ ਹੋਏ ਧਮਾਕਿਆਂ ਨਾਲ ਦਹਿਲ ਗਿਆ। ਇਹ ਧਮਾਕੇ ਬ੍ਰਾਈਟ ਇੰਟਰਪ੍ਰਾਈਜਿਜ਼ ਪੇਂਟ ਫੈਕਟਰੀ ‘ਚ ਹੋਏ। ਦਰਅਸਲ ਪੇਂਟ ਫੈਕਟਰੀ ‘ਚ ਅੱਗ ਲੱਗ ਗਈ ਸੀ, ਜਿਸ ਕਾਰਨ ਫੈਕਟਰੀ ਦੇ ਅੰਦਰ ਪਏ ਕੈਮੀਕਲ ਦੇ ਡਰੰਮ ਫਟ ਗਏ ਸਨ। ਫਾਇਰ ਬ੍ਰਿਗੇਡ ਅਤੇ ਸੇਵਾ ਸੁਸਾਇਟੀ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਫੋਕਲ ਪੁਆਇੰਟ ਸਥਿਤ ਫੈਕਟਰੀ ਵਿੱਚ ਸੌਂ ਰਹੇ ਸੁਬੋਧ ਕੁਮਾਰ ਨੇ ਦੱਸਿਆ ਕਿ ਸਵੇਰੇ ਕਰੀਬ 5 ਵਜੇ ਉਸ ਨੇ ਧਮਾਕਿਆਂ ਦੀ ਆਵਾਜ਼ ਸੁਣੀ। ਜਦੋਂ ਮੈਂ ਬਾਹਰ ਆ ਕੇ ਦੇਖਿਆ ਤਾਂ ਪੇਂਟ ਫੈਕਟਰੀ ਨੂੰ ਭਿਆਨਕ ਅੱਗ ਲੱਗੀ ਹੋਈ ਸੀ। ਕਰੀਬ 4 ਤੋਂ 5 ਧਮਾਕੇ ਇੱਕੋ ਸਮੇਂ ਹੋਏ। ਧਮਾਕੇ ਇੰਨੇ ਜ਼ਬਰਦਸਤ ਸਨ ਕਿ ਉਸ ਦੀ ਇਮਾਰਤ ਵਿਚ ਵੀ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਤੁਰੰਤ ਬਾਅਦ ਉਸ ਨੇ ਬ੍ਰਾਈਟ ਇੰਟਰਪ੍ਰਾਈਜਿਜ਼ ਦੇ ਮਾਲਕ ਨੂੰ ਸੂਚਨਾ ਦਿੱਤੀ। ਇਸ ਦੇ ਨਾਲ ਹੀ ਉਸ ਨੇ ਫਾਇਰ ਬ੍ਰਿਗੇਡ ਦੇ ਨੰਬਰ ‘ਤੇ ਵੀ ਕਾਲ ਕੀਤੀ।
ਮੌਕੇ ’ਤੇ ਪੁੱਜੇ ਫਾਇਰ ਬ੍ਰਿਗੇਡ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪੇਂਟ ਫੈਕਟਰੀ ਹੋਣ ਕਾਰਨ ਅੰਦਰ ਈਥਾਨੌਲ ਭਰਿਆ ਹੋਇਆ ਹੈ। ਜਿਵੇਂ ਹੀ ਫੋਮ ਅਤੇ ਪਾਣੀ ਦਾ ਛਿੜਕਾਅ ਬੰਦ ਹੁੰਦਾ ਹੈ, ਅੱਗ ਫਿਰ ਭੜਕ ਉੱਠਦੀ ਹੈ। ਤਿੰਨ ਘੰਟਿਆਂ ਵਿੱਚ 10 ਤੋਂ 12 ਵਾਹਨ ਪਾਣੀ ਅਤੇ ਫੋਮ ਦੇ ਲੱਗ ਚੁੱਕੇ ਹਨ।
ਫੈਕਟਰੀ ਬੰਦ ਹੋਣ ਕਾਰਨ ਸ਼ਟਰ ਅਤੇ ਖਿੜਕੀਆਂ ਬੰਦ ਹੋ ਗਈਆਂ। ਅੰਦਰ ਧਮਾਕਾ ਹੋਣ ਕਾਰਨ ਕੁਝ ਸ਼ਟਰ ਉੱਖੜ ਗਏ ਪਰ ਕੁਝ ਨੂੰ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਖਿੱਚ ਕੇ ਤੋੜ ਦਿੱਤਾ। ਅੱਗ ਦਾ ਸੇਕ ਇੰਨਾ ਜ਼ਿਆਦਾ ਸੀ ਕਿ 150 ਤੋਂ 200 ਮੀਟਰ ਤੱਕ ਖੜ੍ਹੇ ਹੋਣਾ ਵੀ ਮੁਸ਼ਕਲ ਸੀ।
ਫੈਕਟਰੀ ਵਿੱਚ ਕੈਮੀਕਲ ਮੌਜੂਦ ਹੋਣ ਕਾਰਨ ਅੱਗ ’ਤੇ ਕਾਬੂ ਪਾਉਣ ਵਿੱਚ ਸਮਾਂ ਲੱਗ ਰਿਹਾ ਹੈ। ਫਾਇਰ ਬ੍ਰਿਗੇਡ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਾਣੀ ਦੀਆਂ ਗੱਡੀਆਂ ਲਗਾਤਾਰ ਲਿਆਂਦੀਆਂ ਜਾ ਰਹੀਆਂ ਹਨ, ਅੱਗ ‘ਤੇ ਜਲਦੀ ਤੋਂ ਜਲਦੀ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।