ਨਵੀਂ ਦਿੱਲੀ, 1 ਜੁਲਾਈ 2022 – ਦੇਸ਼ ਭਰ ‘ਚ ਅੱਜ ਤੋਂ ਸਿੰਗਲ ਯੂਜ਼ ਪਲਾਸਟਿਕ ‘ਤੇ ਪਾਬੰਦੀ ਲਗਾਈ ਜਾ ਰਹੀ ਹੈ। ਇਸ ਤਹਿਤ ਪਲਾਸਟਿਕ ਦੀਆਂ ਬਣੀਆਂ ਕਈ ਚੀਜ਼ਾਂ ‘ਤੇ ਰੋਕ ਲੱਗ ਜਾਵੇਗੀ। ਇਸ ਵਿਚ ਰੋਜ਼ਾਨਾ ਜ਼ਿੰਦਗੀ ਵਿਚ ਵਰਤੀਆਂ ਜਾਣ ਵਾਲੀਆਂ ਕਈ ਚੀਜ਼ਾਂ ਵੀ ਸ਼ਾਮਲ ਹਨ, ਜੋ ਹੁਣ ਦੇਖਣ ਨੂੰ ਨਹੀਂ ਮਿਲਣਗੀਆਂ। ਕੇਂਦਰੀ ਵਾਤਾਵਰਨ ਮੰਤਰਾਲੇ ਨੇ ਉਨ੍ਹਾਂ ਵਸਤਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ‘ਤੇ ਪਾਬੰਦੀ ਲਗਾਈ ਜਾ ਰਹੀ ਹੈ।
ਸਿੰਗਲ ਯੂਜ਼ ਪਲਾਸਟਿਕ ਦਾ ਮਤਲਬ ਹੈ ਪਲਾਸਟਿਕ ਦੀਆਂ ਬਣੀਆਂ ਅਜਿਹੀਆਂ ਚੀਜ਼ਾਂ, ਜਿਨ੍ਹਾਂ ਨੂੰ ਅਸੀਂ ਸਿਰਫ ਇਕ ਵਾਰ ਹੀ ਇਸਤੇਮਾਲ ਕਰ ਸਕਦੇ ਹਾਂ ਜਾਂ ਸੁੱਟ ਸਕਦੇ ਹਾਂ ਅਤੇ ਜਿਸ ਨਾਲ ਵਾਤਾਵਰਣ ਨੂੰ ਨੁਕਸਾਨ ਹੁੰਦਾ ਹੈ।
ਸਿੰਗਲ ਯੂਜ਼ ਪਲਾਸਟਿਕ ਦੀਆਂ ਇਨ੍ਹਾਂ ਚੀਜ਼ਾਂ ‘ਤੇ ਲੱਗੀ ਪਾਬੰਦੀ…..
ਪਿਛਲੇ ਸਾਲ ਅਗਸਤ ‘ਚ ਕੇਂਦਰੀ ਵਾਤਾਵਰਣ ਮੰਤਰੀ ਨੇ ਸਿੰਗਲ ਯੂਜ਼ ਪਲਾਸਟਿਕ ‘ਤੇ ਪਾਬੰਦੀ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਇਸ ਵਿਚ 1 ਜੁਲਾਈ ਤੋਂ ਅਜਿਹੇ ਸਾਰੇ ਉਤਪਾਦਾਂ ‘ਤੇ ਪਾਬੰਦੀ ਲਗਾਉਣ ਲਈ ਕਿਹਾ ਗਿਆ ਸੀ। ਸੀਪੀਸੀਬੀ ਦੇ ਨੋਟਿਸ ਅਨੁਸਾਰ 1 ਜੁਲਾਈ ਤੋਂ ਗੁਬਾਰਿਆਂ ਵਿੱਚ ਵਰਤੀਆਂ ਜਾਣ ਵਾਲੀਆਂ ਪਲਾਸਟਿਕ ਦੀਆਂ ਸਟਿਕਸ, ਪਲਾਸਟਿਕ ਦੇ ਝੰਡੇ, ਕੈਂਡੀ ਸਟਿਕਸ, ਆਈਸ ਕਰੀਮ ਸਟਿਕਸ, ਸਜਾਵਟ ਵਿੱਚ ਵਰਤੇ ਜਾਣ ਵਾਲੇ ਥਰਮੋਕੋਲ ‘ਤੇ ਪਾਬੰਦੀ ਹੋਵੇਗੀ।
ਹੋਰ ਉਤਪਾਦਾਂ ਵਿੱਚ ਪਲਾਸਟਿਕ ਦੇ ਕੱਪ, ਪਲੇਟਾਂ, ਗਲਾਸ, ਕਾਂਟੇ, ਚਮਚੇ, ਚਾਕੂ, ਸਟਰਾਅ, ਮਠਿਆਈਆਂ ਦੀ ਪੈਕਿੰਗ ਲਈ ਪਲਾਸਟਿਕ, ਸੱਦਾ ਪੱਤਰ, 100 ਮਾਈਕਰੋਨ ਤੋਂ ਘੱਟ ਮੋਟਾਈ ਵਾਲੇ ਪੀਵੀਸੀ ਬੈਨਰ ਸ਼ਾਮਲ ਹਨ। ਸੀਪੀਸੀਬੀ ਨੇ ਇਹਨਾਂ ਵਸਤੂਆਂ ਦੀ ਵੰਡ, ਵਿਕਰੀ ਅਤੇ ਵਰਤੋਂ ਸਾਰੇ ਉਤਪਾਦਕਾਂ, ਸਟਾਕਿਸਟਾਂ, ਦੁਕਾਨਦਾਰਾਂ, ਈ-ਕਾਮਰਸ ਕੰਪਨੀਆਂ, ਗਲੀ ਵਿਕਰੇਤਾਵਾਂ, ਮਾਲਾਂ, ਬਾਜ਼ਾਰਾਂ, ਸ਼ਾਪਿੰਗ ਸੈਂਟਰਾਂ, ਸਿਨੇਮਾ ਹਾਲਾਂ, ਸੈਰ-ਸਪਾਟਾ ਸਥਾਨਾਂ, ਸਕੂਲ-ਕਾਲਜਾਂ, ਦਫਤਰੀ ਕੰਪਲੈਕਸਾਂ, ਹਸਪਤਾਲਾਂ ਅਤੇ ਹੋਰ ਸੰਸਥਾਵਾਂ ਨੂੰ ਰੋਕਣ ਲਈ ਕਿਹਾ।
ਮੰਤਰਾਲੇ ਵੱਲੋਂ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਜੇਕਰ ਕੋਈ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰਦਾ ਪਾਇਆ ਗਿਆ ਤਾਂ ਉਸ ਨੂੰ ਸਜ਼ਾ ਦਿੱਤੀ ਜਾਵੇਗੀ। ਇਸ ਵਿੱਚ ਜੇਲ੍ਹ ਅਤੇ ਜੁਰਮਾਨਾ ਦੋਵੇਂ ਸ਼ਾਮਲ ਹਨ। ਇਸ ਵਿਚ ਦੱਸਿਆ ਗਿਆ ਹੈ ਕਿ ਵਾਤਾਵਰਣ ਸੁਰੱਖਿਆ ਕਾਨੂੰਨ (ਈਪੀਏ) ਦੀ ਧਾਰਾ 15 ਦੇ ਤਹਿਤ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ‘ਤੇ ਕਾਰਵਾਈ ਕੀਤੀ ਜਾਵੇਗੀ।