ਨਵੀਂ ਦਿੱਲੀ, 7 ਜੁਲਾਈ 2022 – ਦਿੱਲੀ ਤੋਂ ਜਬਲਪੁਰ ਜਾ ਰਹੇ ਸਪਾਈਸ ਜੈੱਟ ਦੇ ਜਹਾਜ਼ ਨਾਲ ਵੱਡਾ ਹਾਦਸਾ ਹੋਣੋ ਟਲ ਗਿਆ ਹੈ। 5000 ਫੁੱਟ ਤੋਂ ਜਾ ਰਹੇ ਜਹਾਜ਼ ਦੇ ਕੈਬਿਨ ‘ਚ ਧੂੰਆਂ ਦੇਖ ਕੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ। ਅੱਜ ਸਵੇਰੇ ਜਹਾਜ਼ ਦੀ ਦਿੱਲੀ ਹਵਾਈ ਅੱਡੇ ‘ਤੇ ਸੁਰੱਖਿਅਤ ਲੈਂਡਿੰਗ ਕਰਾਈ ਗਈ। ਇਸ ਜਹਾਜ਼ ਵਿੱਚ 100 ਤੋਂ ਵੱਧ ਲੋਕ ਸਵਾਰ ਸਨ, ਜਿਨ੍ਹਾਂ ਦੀ ਜਾਨ ਬਚ ਗਈ। ਦੱਸ ਦੇਈਏ ਕਿ ਜਹਾਜ਼ ‘ਚ ਇੰਨਾ ਧੂੰਆਂ ਸੀ ਕਿ ਲੋਕ ਪੱਖੇ ਨੂੰ ਹੱਥਾਂ ਨਾਲ ਝਲਦੇ ਨਜ਼ਰ ਆਏ।
ਅਚਾਨਕ ਧੂੰਆਂ ਤੇਜ਼ੀ ਨਾਲ ਫੈਲਦਾ ਦੇਖ ਲੋਕਾਂ ‘ਚ ਹੜਕੰਪ ਮਚ ਗਿਆ। ਇਸ ਤੋਂ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਦੂਜੇ ਜਹਾਜ਼ ਰਾਹੀਂ ਜਬਲਪੁਰ ਭੇਜ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਪਿਛਲੇ ਮਹੀਨੇ 19 ਜੂਨ ਨੂੰ ਪਟਨਾ ਤੋਂ ਦਿੱਲੀ ਜਾ ਰਹੀ ਸਪਾਈਸ ਜੈੱਟ ਦੀ ਫਲਾਈਟ ਵਿੱਚ ਅੱਗ ਲੱਗ ਗਈ ਸੀ। ਜਹਾਜ਼ ਦੇ ਇੰਜਣ ‘ਚ ਖਰਾਬੀ ਕਾਰਨ ਅੱਗ ਲੱਗ ਗਈ ਸੀ। ਉਸ ਸਮੇਂ ਜਹਾਜ਼ ‘ਚ 185 ਯਾਤਰੀ ਸਵਾਰ ਸਨ। ਹਾਲਾਂਕਿ ਏਅਰਲਾਈਨ ਨੇ ਕਿਹਾ ਸੀ ਕਿ ਉਡਾਣ ਦੌਰਾਨ ਪੰਛੀ ਦੇ ਟਕਰਾਉਣ ਕਾਰਨ ਹਾਦਸਾ ਵਾਪਰਿਆ ਹੈ।