-ਵਿੱਤ ਮੰਤਰੀ ਹਰਪਾਲ ਚੀਮਾ ਸਮੇਤ ਵੱਡੀ ਗਿਣਤੀ ਵਿਧਾਇਕਾਂ ਤੇ ਹੋਰ ਸ਼ਖ਼ਸੀਅਤਾਂ ਨੇ ਵੀ ਗਗਨਦੀਪ ਚੱਢਾ ਨੂੰ ਦਿੱਤੀ ਸ਼ਰਧਾਂਜਲੀ
ਪਟਿਆਲਾ, 2 ਜੁਲਾਈ 2022 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਮ ਆਦਮੀ ਪਾਰਟੀ ਦੇ ਮਰਹੂਮ ਆਗੂ ਗਗਨਦੀਪ ਸਿੰਘ ਚੱਢਾ ਨਮਿੱਤ ਅੰਤਿਮ ਅਰਦਾਸ ਮੌਕੇ ਇੱਥੇ ਗੁਰਦੁਆਰਾ ਸਿੰਘ ਸਭਾ ਵਿਖੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੌਤ ਸਾਡੇ ਜੀਵਨ ਦੀ ਅਟੱਲ ਸਚਾਈ ਹੈ ਪੰਤੂ ਜਿਹੜੇ ਵਿਅਕਤੀ ਆਪਣੇ ਜੀਵਨ ‘ਚ ਸਮਾਜ ਪ੍ਰਤੀ ਕੁਝ ਚੰਗਾ ਕਰਕੇ ਜਾਂਦੇ ਹਨ, ਉਨ੍ਹਾਂ ਨੂੰ ਸਦਾ ਯਾਦ ਰੱਖਿਆ ਜਾਂਦਾ ਹੈ।
ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਦੀ ਮਿਸਾਲ ਦਿੰਦਿਆਂ ਕਿਹਾ ਕਿ ਕੁਝ ਵਿਅਕਤੀਆਂ ਦੀ ਉਮਰ ਦਾ ਪੰਧ ਭਾਵੇਂ ਛੋਟਾ ਰਹਿ ਜਾਂਦਾ ਹੈ ਪ੍ਰੰਤੂ ਉਨ੍ਹਾਂ ਵੱਲੋਂ ਕੀਤੇ ਗਏ ਲਾਮਿਸਾਲ ਕੰਮਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਂਦਾ ਹੈ। ਮੁੱਖ ਮੰਤਰੀ ਨੇ ਗਗਨਦੀਪ ਸਿੰਘ ਚੱਢਾ ਨਾਲ ਆਪਣੀਆਂ ਨਿੱਜੀ ਸਾਂਝਾਂ ਨੂੰ ਯਾਦ ਕਰਦਿਆਂ ਗਗਨ ਨੂੰ ਪਾਰਟੀ ਦਾ ਇੱਕ ਸੱਚਾ ਤੇ ਇਮਾਨਦਾਰ ਸਿਪਾਹੀ ਦੱਸਦਿਆਂ ਕਿਹਾ ਕਿ ਉਸਦੀ ਬੇਵਕਤੀ ਮੌਤ ਨਾਲ ਇਕੱਲੇ ਚੱਢਾ ਪਰਿਵਾਰ ਨੂੰ ਹੀ ਵੱਡਾ ਘਾਟਾ ਨਹੀਂ ਪਿਆ ਬਲਕਿ ਆਮ ਆਦਮੀ ਪਾਰਟੀ ਵੀ ਇੱਕ ਸਮਰਪਿਤ ਆਗੂ ਤੋਂ ਵਿਰਵੀ ਹੋ ਗਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਗਗਨਦੀਪ ਚੱਢਾ ਗੰਭੀਰ ਬਿਮਾਰੀ ਦੀ ਹਾਲਤ ‘ਚ ਵੀ ਆਪਣੀ ਪਾਰਟੀ ਅਤੇ ਲੋਕਾਂ ਦੀ ਸੇਵਾ ਨੂੰ ਪਹਿਲ ਦਿੰਦਾ ਰਿਹਾ ਸੀ। ਉਨ੍ਹਾਂ ਕਿਹਾ ਕਿ ਮਰਹੂਮ ਚੱਢਾ ਆਮ ਲੋਕਾਂ ਨਾਲ ਜੁੜਿਆ ਹੋਇਆ ਆਗੂ ਸੀ ਅਤੇ ਉਸਦੇ ਮਨ ਵਿੱਚ ਪੰਜਾਬ, ਪੰਜਾਬੀਅਤ ਅਤੇ ਪੰਜਾਬ ਦੇ ਲੋਕਾਂ ਲਈ ਕੁਝ ਕਰ ਗੁਜਰਨ ਦੀ ਤਮੰਨਾ ਸੀ।
ਮੁੱਖ ਮੰਤਰੀ ਨੇ ਸ਼ੋਕਗ੍ਰਸਤ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਾਹਿਗੁਰੂ ਅੱਗੇ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਿਸ਼ ਕਰਨ ਦੀ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਇਸ ਅਤਿਅੰਤ ਦੁੱਖ ਦੀ ਘੜੀ ‘ਚ ਉਹ ਨਿਜੀ ਤੌਰ ‘ਤੇ ਅਤੇ ਉਨ੍ਹਾਂ ਦੀ ਪਾਰਟੀ ਸਦਾ ਗਗਨਦੀਪ ਸਿੰਘ ਚੱਢਾ ਦੇ ਪਰਿਵਾਰ ਨਾਲ ਖੜ੍ਹੇ ਰਹਿਣਗੇ। ਉਨ੍ਹਾਂ ਨੇ ਮਰਹੂਮ ਗਗਨ ਚੱਢਾ ਦੇ ਪੁੱਤਰ ਜ਼ੋਰਾਵਰ ਸਿੰਘ ਨੂੰ ਹੋਣਹਾਰ ਸਪੁੱਤਰ ਦੱਸਦਿਆਂ ਕਿਹਾ ਕਿ ਉਹ ਆਪਣੇ ਪਿਤਾ ਦੇ ਨਕਸ਼ੇ ਕਦਮ ‘ਤੇ ਚੱਲਦਿਆਂ ਗਗਨ ਚੱਢਾ ਦੇ ਸੁਪਨਿਆਂ ਨੂੰ ਜਰੂਰ ਪੂਰਾ ਕਰੇਗਾ।
ਇਸ ਮੌਕੇ ਗਗਨਦੀਪ ਸਿੰਘ ਚੱਢਾ ਦੀ ਸੁਪਤਨੀ ਗੁੰਜਨ ਚੱਢਾ ਅਤੇ ਭੈਣ ਰਮਨਦੀਪ ਕੌਰ ਨੇ ਵੀ ਸੰਬੋਧਨ ਕਰਦਿਆਂ ਮੁੱਖ ਮੰਤਰੀ ਸਮੇਤ ਇਸ ਦੁੱਖ ਦੀ ਘੜੀ ‘ਚ ਪਰਿਵਾਰ ਨਾਲ ਦੁੱਖ ਵੰਡਾਉਣ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਗਗਨਦੀਪ ਚੱਢਾ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਗਗਨ ਦੇ ਜੀਜਾ ਰਮਨਜੀਤ ਰੌਬਿਨ ਬੱਤਰਾ, ਚਾਚਾ ਗੁਰਪ੍ਰੀਤ ਸਿੰਘ ਚੱਢਾ, ਚਚੇਰੇ ਭਰਾ ਜਤਿਨ ਸਮੇਤ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸਨ।
ਅੰਤਿਮ ਅਰਦਾਸ ਸਮਾਗਮ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਦਿੱਲੀ ਤੋਂ ਆਮ ਆਦਪੀ ਪਾਰਟੀ ਦੇ ਆਗੂ ਦੁਰਗੇਸ਼ ਪਾਠਕ ਤੇ ਰਾਜੇਸ਼ ਕੁਮਾਰ, ਪਾਰਟੀ ਦੇ ਸੂਬਾ ਸਕੱਤਰ ਹਰਚੰਦ ਸਿੰਘ ਬਰਸਟ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਡਾ. ਬਲਬੀਰ ਸਿੰਘ, ਨੀਨਾ ਮਿੱਤਲ, ਚੇਤਨ ਸਿੰਘ ਜੌੜਾਮਾਜਰਾ, ਗੁਰਦੇਵ ਸਿੰਘ ਦੇਵ ਮਾਨ, ਗੁਰਲਾਲ ਘਨੌਰ, ਕੁਲਵੰਤ ਸਿੰਘ ਬਾਜ਼ੀਗਰ, ਹਰਮੀਤ ਸਿੰਘ ਪਠਾਣਮਾਜਰਾ ਤੋਂ ਇਲਾਵਾ ਸਮੁੱਚੇ ਪੰਜਾਬ ਦੇ ਵੱਖ-ਵੱਖ ਹਲਕਿਆਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ, ਆਗੂ ਅਤੇ ਵਲੰਟੀਅਰ ਵੱਡੀ ਗਿਣਤੀ ‘ਚ ਪੁੱਜੇ ਹੋਏ ਸਨ।
ਇਸ ਤੋਂ ਇਲਾਵਾ ਪਾਰਟੀ ਦੇ ਜ਼ਿਲ੍ਹੇ ‘ਚ ਆਗੂ ਸੂਬਾ ਸੰਯੁਕਤ ਸਕੱਤਰ ਜਰਨੈਲ ਸਿੰਘ ਮੰਨੂ, ਕੁੰਦਨ ਗੋਗੀਆ, ਸ਼ਹਿਰੀ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ, ਦਿਹਾਤੀ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ, ਜ਼ਿਲ੍ਹਾ ਮਹਿਲਾ ਪ੍ਰਧਾਨ ਵੀਰਪਾਲ ਕੌਰ ਚਹਿਲ, ਈਵੈਂਟ ਇੰਚਾਰਜ ਅੰਗਰੇਜ ਸਿੰਘ ਰਾਮਗੜ੍ਹ, ਜਗਤਾਰ ਸਿੰਘ ਜੱਗੀ ਸਮੇਤ ਵੱਡੀ ਗਿਣਤੀ ਵੱਖ-ਵੱਖ ਪਾਰਟੀਆਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਮੌਜੂਦ ਸਨ।