ਚੰਡੀਗੜ੍ਹ, 3 ਜੁਲਾਈ 2022 – ਚੰਡੀਗੜ੍ਹ ‘ਚ ਸੈਕਟਰ-37 ਦੀ ਕੋਠੀ ਹੜੱਪਣ ਦੇ ਮਾਮਲੇ ਵਿੱਚ ਹੁਣ ਕਾਲੇ ਧਨ ਦੀ ਵੀ ਜਾਂਚ ਸ਼ੁਰੂ ਹੋ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵੀ ਇਸ ਮਾਮਲੇ ‘ਚ ਕੁਝ ਦੋਸ਼ੀਆਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਸ ਮਾਮਲੇ ਨਾਲ ਸਿੱਧੇ ਤੌਰ ‘ਤੇ ਜੁੜੇ ਦੋਸ਼ੀਆਂ ਨੂੰ ਬੁਲਾਇਆ ਜਾ ਰਿਹਾ ਹੈ।
ਈਡੀ ਨੇ ਹਾਲ ਹੀ ਵਿੱਚ ਸ਼ਰਾਬ ਦੇ ਵਪਾਰੀ ਅਰਵਿੰਦ ਸਿੰਗਲਾ, ਕੋਠੀ ਦਾ ਸੌਦਾ ਕਰਨ ਵਾਲੇ ਅਸ਼ੋਕ ਅਰੋੜਾ ਅਤੇ ਕੋਠੀ ਖਰੀਦਣ ਵਾਲੇ ਮਨੀਸ਼ ਗੁਪਤਾ ਨੂੰ ਸੰਮਨ ਕੀਤਾ ਸੀ। ਐਫਆਈਆਰ ਮੁਤਾਬਕ ਸਿੰਗਲਾ ਨੇ ਹੀ ਵਿਵਾਦਿਤ ਕੋਠੀ ਦਾ ਜੀਪੀਏ ਆਪਣੇ ਨਾਂ ਕਰਵਾ ਲਿਆ ਅਤੇ ਫਿਰ ਮਨੀਸ਼ ਗੁਪਤਾ ਨੂੰ ਵੇਚ ਦਿੱਤਾ। ਇਸ ਲਈ ਈਡੀ ਦੋਵਾਂ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਦੇ ਨਾਲ ਹੀ ਅਸ਼ੋਕ ਅਰੋੜਾ ਨੇ ਇਸ ਕੋਠੀ ਦਾ ਸੌਦਾ ਕਰਵਾਇਆ ਸੀ, ਇਸ ਲਈ ਉਸ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਖੁਦ ਮੁਲਜ਼ਮ ਸੰਜੀਵ ਮਹਾਜਨ ਨੂੰ ਵੀ ਈਡੀ ਨੇ ਸੰਮਨ ਜਾਰੀ ਕੀਤਾ ਹੋਇਆ ਹੈ, ਹਾਲਾਂਕਿ ਅਜੇ ਤੱਕ ਜਾਂਚ ਸ਼ੁਰੂ ਨਹੀਂ ਹੋਈ ਹੈ।
ਸਿੰਗਲਾ, ਗੁਪਤਾ ਅਤੇ ਅਰੋੜਾ ਨੂੰ ਈਡੀ ਨੇ ਕਈ ਵਾਰ ਪੁੱਛਗਿੱਛ ਲਈ ਬੁਲਾਇਆ ਹੈ। ਉਨ੍ਹਾਂ ਨੂੰ ਸਵੇਰੇ ਬੁਲਾਇਆ ਗਿਆ ਅਤੇ ਸ਼ਾਮ ਤੱਕ ਪੁੱਛਗਿੱਛ ਕੀਤੀ ਗਈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਹੋਰ ਮੁਲਜ਼ਮਾਂ ਨੂੰ ਸੰਮਨ ਭੇਜੇ ਜਾ ਸਕਦੇ ਹਨ ਅਤੇ ਜਲਦੀ ਹੀ ਈਡੀ ਜਾਂਚ ਪੂਰੀ ਕਰਕੇ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕਰ ਸਕਦੀ ਹੈ।
ਈਡੀ ਇਸ ਮਾਮਲੇ ਵਿੱਚ ਕਾਲੇ ਧਨ ਦੀ ਜਾਂਚ ਕਰ ਰਹੀ ਹੈ। ਮੁਲਜ਼ਮਾਂ ਤੋਂ 85 ਲੱਖ ਰੁਪਏ ਦੀ ਰਕਮ ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਦਰਅਸਲ ਸੈਕਟਰ-37 ਦੀ ਕੋਠੀ ਖਰੀਦਣ ਲਈ 85 ਲੱਖ ਰੁਪਏ ਨਕਦ ਦਿੱਤੇ ਗਏ ਸਨ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਰਕਮ ਦਾ ਸਰੋਤ ਕੀ ਸੀ। ਸੂਤਰਾਂ ਦਾ ਕਹਿਣਾ ਹੈ ਕਿ ਮਨੀਸ਼ ਗੁਪਤਾ ਨੇ ਈਡੀ ਨੂੰ ਬਿਆਨ ਦਿੱਤਾ ਹੈ ਕਿ ਉਸ ਨੇ ਇਹ ਰਕਮ ਅਰਵਿੰਦ ਸਿੰਗਲਾ ਨੂੰ ਕੋਠੀ ਦੀ ਖਰੀਦਦਾਰੀ ਲਈ ਦਿੱਤੀ ਸੀ।
ਪਿਛਲੇ ਸਾਲ 2 ਮਾਰਚ ਨੂੰ ਪੁਲਿਸ ਨੇ ਇੱਕ ਵੱਡੇ ਮਾਮਲੇ ਦਾ ਖੁਲਾਸਾ ਕੀਤਾ ਸੀ। ਮਾਮਲੇ ਅਨੁਸਾਰ ਸੈਕਟਰ-37 ਦੀ ਕੋਠੀ ਨੰਬਰ 340 ਦੇ ਵਸਨੀਕ ਰਾਹੁਲ ਮਹਿਤਾ ਨੂੰ ਪਹਿਲਾਂ ਮੁਲਜ਼ਮਾਂ ਨੇ ਬਹੁਤ ਤੰਗ ਪ੍ਰੇਸ਼ਾਨ ਕੀਤਾ। ਫਿਰ ਉਸ ਦੀ ਕੋਠੀ ਹਥਿਆਉਣ ਦੀ ਸਾਜ਼ਿਸ਼ ਰਚੀ ਗਈ। ਕਈ ਦਸਤਾਵੇਜ਼ਾਂ ‘ਤੇ ਉਸ ਦੇ ਜਾਅਲੀ ਦਸਤਖ਼ਤ ਸਨ।
ਉਸ ਦੀ ਕੋਠੀ ਦੀ ਬਦਲੀ ਲਈ ਜਾਅਲੀ ਕਾਗਜ਼ਾਤ ਤਿਆਰ ਕੀਤੇ ਗਏ ਅਤੇ ਉਸ ਦਾ ਹਮਸ਼ਕਲ ਵੀ ਲਿਆਂਦਾ ਗਿਆ। ਫਿਰ ਮੁਲਜ਼ਮਾਂ ਨੇ ਰਾਹੁਲ ਨੂੰ ਗੁਜਰਾਤ ਦੇ ਆਸ਼ਰਮ ਵਿੱਚ ਛੱਡ ਦਿੱਤਾ। ਉਸ ਦੀ ਗੈਰ-ਹਾਜ਼ਰੀ ਵਿੱਚ ਮੁਲਜ਼ਮ ਨੇ ਉਸ ਦੀ ਕੋਠੀ ਉਸ ਦੇ ਨਾਂ ’ਤੇ ਕਿਸੇ ਹੋਰ ਨੂੰ ਵੇਚ ਦਿੱਤੀ।
ਇਸ ਕੇਸ ਵਿੱਚ ਸੰਜੀਵ ਮਹਾਜਨ, ਅਰਵਿੰਦ ਸਿੰਗਲਾ, ਸਤਪਾਲ ਡਾਗਰ, ਮਨੀਸ਼ ਗੁਪਤਾ, ਸੈਰਭ ਗੁਪਤਾ, ਖਲਿੰਦਰ ਸਿੰਘ ਕਾਦੀਆਂ, ਗੁਰਪ੍ਰੀਤ ਸਿੰਘ, ਅਸ਼ੋਕ ਅਰੋੜਾ, ਦਲਜੀਤ ਸਿੰਘ ਉਰਫ਼ ਰੁਬਲ, ਸ਼ੇਖਰ ਅਤੇ ਸਾਬਕਾ ਇੰਸਪੈਕਟਰ ਰਾਜਦੀਪ ਸਿੰਘ ਸਮੇਤ ਕੁੱਲ 11 ਮੁਲਜ਼ਮ ਹਨ।
6 ਦੋਸ਼ੀ ਜ਼ਮਾਨਤ ‘ਤੇ ਬਾਹਰ ਹਨ ਜਦਕਿ 4 ਦੋਸ਼ੀ ਮਹਾਜਨ, ਗੁਰਪ੍ਰੀਤ, ਰਾਜਦੀਪ ਅਤੇ ਕਾਦੀਆਂ ਇਸ ਸਮੇਂ ਜੇਲ ‘ਚ ਬੰਦ ਹਨ। ਮੁਲਜ਼ਮਾਂ ਵਿੱਚੋਂ ਇੱਕ ਸ਼ੇਖਰ ਨੂੰ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਪੁਲਿਸ ਨੇ 02 ਮਾਰਚ 2021 ਨੂੰ ਐਫਆਈਆਰ ਦਰਜ ਕੀਤੀ ਸੀ। 10 ਮਈ 2021 ਨੂੰ ਪੁਲਿਸ ਨੇ ਅਦਾਲਤ ਵਿੱਚ 5000 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ। ਇਸ ਕੇਸ ਵਿੱਚ 78 ਗਵਾਹ ਹਨ। ਅਦਾਲਤ ਨੇ 29 ਜਨਵਰੀ 2022 ਨੂੰ 11 ਦੋਸ਼ੀਆਂ ਵਿਰੁੱਧ ਦੋਸ਼ ਤੈਅ ਕੀਤੇ ਸਨ।