ਲੁਧਿਆਣਾ, 4 ਜੁਲਾਈ 2022 – ਪੰਜਾਬ ਵਿੱਚ ਮੌਸਮ ਇੱਕ ਵਾਰ ਫਿਰ ਕਰਵਟ ਲੈ ਰਿਹਾ ਹੈ। ਸੋਮਵਾਰ ਨੂੰ ਕਈ ਜ਼ਿਲ੍ਹਿਆਂ ‘ਚ ਤੇਜ਼ ਧੁੱਪ ਨਿਕਲੀ, ਜਦਕਿ ਜਲੰਧਰ ਅਤੇ ਲੁਧਿਆਣਾ ‘ਚ ਬੱਦਲ ਛਾਏ ਰਹੇ। ਅੱਜ ਰਾਤ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਐਤਵਾਰ ਸਵੇਰੇ ਸੂਬੇ ਭਰ ‘ਚ ਮੀਂਹ ਨੇ ਮੌਸਮ ਸੁਹਾਵਣਾ ਕਰ ਦਿੱਤਾ ਸੀ ਪਰ ਦੁਪਹਿਰ ਬਾਅਦ ਹੁੰਮਸ ਕਾਰਨ ਲੋਕ ਪ੍ਰੇਸ਼ਾਨ ਹੋ ਗਏ।
ਪੰਜਾਬ ‘ਚ ਮਾਨਸੂਨ ਸਰਗਰਮ ਹੈ ਪਰ ਲੁਧਿਆਣਾ ਅਤੇ ਪਟਿਆਲਾ ਨੂੰ ਛੱਡ ਕੇ ਬਾਕੀ ਥਾਵਾਂ ‘ਤੇ ਹਲਕੀ ਬਾਰਿਸ਼ ਹੀ ਹੋਈ। ਮੌਸਮ ਵਿਗਿਆਨੀਆਂ ਨੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ ਕਿ ਸੋਮਵਾਰ ਨੂੰ ਕਈ ਥਾਵਾਂ ‘ਤੇ ਬੱਦਲ ਛਾਏ ਰਹਿਣਗੇ। ਪੀਏਯੂ ਦੇ ਮੌਸਮ ਵਿਭਾਗ ਦੇ ਮੁਖੀ ਡਾ.ਪੀ.ਕੇ.ਕਿੰਗਰਾ ਨੇ ਦੱਸਿਆ ਕਿ 5 ਜੁਲਾਈ ਤੱਕ ਮੌਸਮ ਦਾ ਇਹੀ ਰੁਝਾਨ ਦੇਖਣ ਨੂੰ ਮਿਲੇਗਾ। ਕਦੇ ਅਸਮਾਨ ਵਿੱਚ ਬੱਦਲ ਛਾਏ ਰਹਿਣਗੇ ਅਤੇ ਕਦੇ ਧੁੱਪ ਨਿਕਲ ਸਕਦੀ ਹੈ। ਮਾਨਸੂਨ 6 ਜੁਲਾਈ ਤੋਂ ਪੂਰੀ ਤਰ੍ਹਾਂ ਸਰਗਰਮ ਹੋ ਜਾਵੇਗਾ ਅਤੇ ਮੀਂਹ ਪੈਣ ‘ਤੇ ਗਰਮੀ ਤੋਂ ਰਾਹਤ ਮਿਲੇਗੀ।
ਪਟਿਆਲਾ ਵਿੱਚ ਸਭ ਤੋਂ ਵੱਧ 17 ਮਿਲੀਮੀਟਰ ਮੀਂਹ ਪਿਆ, ਜਦੋਂ ਕਿ ਲੁਧਿਆਣਾ ਵਿੱਚ 13.6 ਮਿਲੀਮੀਟਰ ਮੀਂਹ ਪਿਆ। ਪਠਾਨਕੋਟ ਵਿੱਚ ਸਿਰਫ਼ 4.0 ਮਿਲੀਮੀਟਰ ਮੀਂਹ ਪਿਆ ਹੈ। ਹਾਲਾਂਕਿ ਜ਼ਿਆਦਾਤਰ ਥਾਵਾਂ ‘ਤੇ ਦਿਨ ਦਾ ਤਾਪਮਾਨ ਆਮ ਨਾਲੋਂ ਹੇਠਾਂ ਰਿਹਾ। ਅੰਮ੍ਰਿਤਸਰ ਵਿੱਚ 34.4 (ਆਮ ਤੋਂ ਦੋ ਡਿਗਰੀ ਘੱਟ), ਬਠਿੰਡਾ ਵਿੱਚ 33.4 (ਆਮ ਤੋਂ ਪੰਜ ਡਿਗਰੀ ਘੱਟ), ਲੁਧਿਆਣਾ ਵਿੱਚ 33.8 (ਆਮ ਤੋਂ ਇੱਕ ਡਿਗਰੀ ਘੱਟ), ਪਠਾਨਕੋਟ ਵਿੱਚ 33.2 ਅਤੇ ਪਟਿਆਲਾ ਵਿੱਚ 34.4 (ਆਮ ਤੋਂ ਇੱਕ ਡਿਗਰੀ ਘੱਟ) ਤਾਪਮਾਨ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਸਾਲ ਜੂਨ ‘ਚ ਘੱਟ ਬਾਰਿਸ਼ ਹੋਈ ਹੈ। ਮੀਂਹ ਘੱਟ ਹੋਣ ਕਾਰਨ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੰਜਾਬ ਵਿੱਚ ਮੌਨਸੂਨ ਸੀਜ਼ਨ ਦੌਰਾਨ ਜਿੱਥੇ ਘੱਟ ਮੀਂਹ ਪੈ ਰਿਹਾ ਹੈ, ਉੱਥੇ ਹੀ ਹਿਮਾਚਲ ਵਿੱਚ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਹਿਮਾਚਲ ‘ਚ ਮੀਂਹ ਕਾਰਨ ਕਈ ਥਾਵਾਂ ‘ਤੇ ਸੜਕਾਂ ਰੁੜ੍ਹ ਗਈਆਂ ਹਨ। ਕਈ ਥਾਵਾਂ ‘ਤੇ ਬਿਜਲੀ ਸਪਲਾਈ ਵੀ ਠੱਪ ਹੋ ਗਈ ਹੈ। ਇੱਥੇ ਮਾਸ ਵਿਭਾਗ ਨੇ ਲਾਹੈਲ ਸਪਿਤੀ ਨੂੰ ਛੱਡ ਕੇ ਬਾਕੀ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਹਰਿਆਣਾ ‘ਚ ਕਈ ਥਾਵਾਂ ‘ਤੇ ਬਾਰਿਸ਼ ਹੋ ਰਹੀ ਹੈ।