ਮੋਗਾ, 4 ਜੁਲਾਈ 2022 – ਮੋਗਾ ਜ਼ਿਲ੍ਹੇ ਦੇ ਪਿੰਡ ਬੁੱਟਰ ਕਲਾਂ ਵਿੱਚ 23 ਸਾਲਾ ਨੌਜਵਾਨ ਨੂੰ ਉਸ ਦੀ ਮਾਂ ਸੰਗਲ ਨਾਲ ਬੰਨ੍ਹ ਕੇ ਰੱਖਣ ਲਈ ਮਜਬੂਰ ਹੈ। ਕਾਰਨ ਹੈ ਕੇ ਨੌਜਵਾਨ ਨਸ਼ਾ ਕਰਦਾ ਹੈ। ਮਾਂ ਦਾ ਕਹਿਣਾ ਹੈ ਕੇ ਉਸ ਦਾ ਪੁੱਤ ਨਸ਼ੇ ਦੀ ਪੂਰਤੀ ਲਈ ਘਰ ਦੀ ਭੰਨਤੋੜ ਕਰਦਾ ਸੀ। ਉਹ ਘਰ ਦਾ ਸਾਮਾਨ ਚੋਰੀ ਕਰਕੇ ਵੇਚਦਾ ਹੈ। ਨੌਜਵਾਨ ਦੇ ਚਾਚੇ ਨੇ ਪਿੰਡ ਦੇ ਸਾਬਕਾ ਪੰਚਾਇਤ ਮੈਂਬਰ ਦੀ ਮਦਦ ਨਾਲ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ। ਮਾਂ ਕਈ ਵਾਰ ਕਾਰਾ ਕੱਟਣ ਵੇਲੇ ਉਸ ਨੂੰ ਆਪਣੇ ਨਾਲ ਲੈ ਜਾਂਦੀ ਹੈ ਪਰ ਦੁਬਾਰਾ ਇਸ ਨੂੰ ਸੰਗਲਾਂ ਨਾਲ ਬੰਨ੍ਹ ਦਿੰਦੀ ਹੈ।
ਨੌਜਵਾਨ ਦੀ ਮਾਂ ਦਰਜੋ ਰਾਣੀ ਨੇ ਦੱਸਿਆ ਕਿ ਉਸ ਦਾ 23 ਸਾਲਾ ਲੜਕਾ ਦਿਹਾੜੀ ਦੇ ਪੈਸਿਆਂ ਨਾਲ ਪਿਛਲੇ 5-6 ਸਾਲਾਂ ਤੋਂ ਨਸ਼ਾ ਕਰ ਰਿਹਾ ਹੈ। ਉਹ ਹਰ ਰੋਜ਼ 800 ਰੁਪਏ ਦਾ ਨਸ਼ਾ ਲੈਂਦਾ ਸੀ। ਪੈਸੇ ਦੀ ਪੂਰਤੀ ਲਈ ਉਹ ਕਈ ਵਾਰ ਘਰ ਦਾ ਸਮਾਨ ਚੋਰੀ ਕਰਕੇ ਵੇਚਦਾ ਸੀ। ਉਸਦਾ ਪਤੀ ਅਤੇ ਦੂਜਾ ਪੁੱਤਰ ਮਜ਼ਦੂਰੀ ਕਰਦੇ ਹਨ ਤਾਂ ਜੋ ਘਰ ਦਾ ਗੁਜ਼ਾਰਾ ਚੱਲ ਸਕੇ। ਨਸ਼ਾ ਪੂਰਾ ਨਾ ਹੋਣ ‘ਤੇ ਪੁੱਤਰ ਲੋਕਾਂ ‘ਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰਦਾ ਹੈ।
ਆਪਣੇ ਲੜਕੇ ਦੀ ਭੈੜੀ ਆਦਤ ਤੋਂ ਛੁਟਕਾਰਾ ਪਾਉਣ ਲਈ ਉਸ ਨੇ ਮਜ਼ਬੂਰੀ ਵੱਸ ਪਿੱਛਲੇ 8 ਦਿਨਾਂ ਤੋਂ ਲੋਹੇ ਦੀਆਂ ਜੰਜ਼ੀਰਾਂ ਨਾਲ ਬੰਨ੍ਹ ਕੇ ਰੱਖਿਆ ਹੋਇਆ ਹੈ। ਘਰੋਂ ਪੈਸੇ ਨਾ ਮਿਲਣ ’ਤੇ ਪਰਿਵਾਰ ਨਾਲ ਕੁੱਟਮਾਰ ਕਰਨਾ ਸ਼ੁਰੂ ਕਰ ਦਿੰਦਾ ਹੈ। ਅਸੀਂ ਸਾਰੇ ਘਰ ਨੂੰ ਤਾਲੇ ਲਗਾ ਕੇ ਰੱਖਦੇ ਹਾਂ। ਪੁੱਤਰ ਦੀ ਇਸ ਆਦਤ ਤੋਂ ਪੂਰਾ ਪਰਿਵਾਰ ਬਹੁਤ ਪਰੇਸ਼ਾਨ ਹੈ।
![](https://thekhabarsaar.com/wp-content/uploads/2022/09/future-maker-3.jpeg)
ਦਰਜੋ ਰਾਣੀ ਨੇ ਦੱਸਿਆ ਕਿ ਉਹ ਰਾਤ ਨੂੰ ਬੇਟੇ ਨੂੰ ਬੰਨ੍ਹ ਕੇ ਰੱਖਦੀ ਹੈ ਤਾਂ ਜੋ ਉਹ ਕਿਤੇ ਜਾ ਕੇ ਨਸ਼ਾ ਨਾ ਕਰੇ। ਉਹਨਾਂ ਨੇ ਆਪਣੇ ਪੁੱਤ ਦਾ ਇਲਾਜ ਸ਼ੁਰੂ ਕਰਵਾ ਦਿੱਤਾ ਹੈ। ਮਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਉਹ ਠੀਕ ਹੋ ਜਾਵੇ। ਔਰਤ ਨੇ ਦੱਸਿਆ ਕਿ ਉਸ ਦੇ ਪਿੰਡ ‘ਚ ਹੀ ਨਸ਼ਾ ਵਿਕਦਾ ਹੈ। ਪੰਜਾਬ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਅਤੇ ਨਸ਼ਿਆਂ ਨੂੰ ਰੋਕਣਾ ਚਾਹੀਦਾ ਹੈ ਤਾਂ ਜੋ ਨੌਜਵਾਨ ਪੀੜ੍ਹੀ ਬਰਬਾਦ ਨਾ ਹੋਵੇ।
![](https://thekhabarsaar.com/wp-content/uploads/2020/12/future-maker-3.jpeg)