ਨਵੀਂ ਦਿੱਲੀ, 6 ਜੁਲਾਈ 2022 – ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਵਾਧਾ ਹੋਇਆ ਹੈ। 14.2 ਕਿਲੋ ਦੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਅੱਜ ਤੋਂ 50 ਰੁਪਏ ਪ੍ਰਤੀ ਸਿਲੰਡਰ ਵਧ ਗਈ ਹੈ। ਹੁਣ ਦਿੱਲੀ ‘ਚ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 1053 ਰੁਪਏ ਹੋਵੇਗੀ। ਇੰਨਾ ਹੀ ਨਹੀਂ 5 ਕਿਲੋ ਦੇ ਘਰੇਲੂ ਸਿਲੰਡਰ ਦੀ ਕੀਮਤ 18 ਰੁਪਏ ਪ੍ਰਤੀ ਸਿਲੰਡਰ ਵਧ ਗਈ ਹੈ। ਜਦਕਿ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 8.50 ਰੁਪਏ ਘਟਾਈ ਗਈ ਹੈ।
ਘਰੇਲੂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਤਾਜ਼ਾ ਵਾਧਾ ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 198 ਰੁਪਏ ਦੀ ਕਟੌਤੀ ਦੇ ਕੁਝ ਦਿਨ ਬਾਅਦ ਆਇਆ ਹੈ। ਤੁਹਾਨੂੰ ਦੱਸ ਦਈਏ ਕਿ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵੈਟ ਅਤੇ ਆਵਾਜਾਈ ਦੀ ਲਾਗਤ ਦੇ ਆਧਾਰ ‘ਤੇ ਰਾਜ ਤੋਂ ਰਾਜ ਵਿੱਚ ਵੱਖ-ਵੱਖ ਹੁੰਦੀਆਂ ਹਨ। ਇਸ ਦੀ ਗਣਨਾ ਵੀ ਕੱਚੇ ਤੇਲ ਦੀਆਂ ਕੀਮਤਾਂ ਦੇ ਆਧਾਰ ‘ਤੇ ਕੀਤੀ ਜਾਂਦੀ ਹੈ।
ਦੱਸ ਦੇਈਏ ਕਿ ਪਿਛਲੇ ਇੱਕ ਸਾਲ ਵਿੱਚ ਘਰੇਲੂ ਐਲਪੀਜੀ ਦੀ ਕੀਮਤ ਵਿੱਚ ਕਾਫੀ ਵਾਧਾ ਹੋਇਆ ਹੈ। ਪਿਛਲੇ ਇੱਕ ਸਾਲ ਵਿੱਚ ਦਿੱਲੀ ਵਿੱਚ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 834.50 ਰੁਪਏ ਤੋਂ ਵਧ ਕੇ 1003 ਰੁਪਏ ਹੋ ਗਈ ਹੈ। 14.2 ਕਿਲੋਗ੍ਰਾਮ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਆਖਰੀ ਵਾਰ 19 ਮਈ 2022 ਨੂੰ 4 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਦਿੱਲੀ ਵਿੱਚ 7 ਮਈ ਨੂੰ 999.50 ਰੁਪਏ ਪ੍ਰਤੀ ਸਿਲੰਡਰ ਸੀ। ਇਸ ਤੋਂ ਇਲਾਵਾ 22 ਮਾਰਚ ਨੂੰ ਵੀ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ। ਅਕਤੂਬਰ 2021 ਤੋਂ ਫਰਵਰੀ 2022 ਦੇ ਵਿਚਕਾਰ, ਦਿੱਲੀ ਵਿੱਚ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ 899.50 ਰੁਪਏ ਸੀ।

