ਹਿਮਾਚਲ ਪ੍ਰਦੇਸ਼, 7 ਜੁਲਾਈ 2022 – ਹਿਮਾਚਲ ਪ੍ਰਦੇਸ਼ ਦੇ ਕੁੱਲੂ ‘ਚ ਭਾਰੀ ਮੀਂਹ ਕਾਰਨ ਸਥਿਤੀ ਡਰਾਉਣੀ ਬਣ ਗਈ ਹੈ। ਬੁੱਧਵਾਰ ਨੂੰ ਕੁੱਲੂ ਵਿੱਚ ਬੱਦਲ ਫਟਣ ਕਾਰਨ ਮਨੀਕਰਨ ਘਾਟੀ ਵਿੱਚ ਹੜ੍ਹ ਆ ਗਿਆ। ਇਸ ਕਾਰਨ ਕਈ ਪਿੰਡਾਂ ਵਿੱਚ ਪਾਣੀ ਭਰ ਗਿਆ। ਪ੍ਰਸ਼ਾਸਨ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ‘ਚ ਲੱਗਾ ਹੋਇਆ ਹੈ।
ਕੁੱਲੂ ਦੇ ਐਸਪੀ ਗੁਰਦੇਵ ਸ਼ਰਮਾ ਨੇ ਦੱਸਿਆ ਕਿ ਇੱਥੇ ਹੜ੍ਹਾਂ ਕਾਰਨ ਸਥਿਤੀ ਵਿਗੜ ਗਈ ਹੈ ਪਰ ਟੀਮਾਂ ਬਚਾਅ ਕਾਰਜਾਂ ਵਿੱਚ ਸਰਗਰਮੀ ਨਾਲ ਜੁਟੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਹੜ੍ਹਾਂ ਕਾਰਨ 6 ਲੋਕ ਲਾਪਤਾ ਹੋ ਗਏ ਹਨ। ਉਹਨਾਂ ਦੀ ਭਾਲ ਜਾਰੀ ਹੈ। 7 ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ ਤਿੰਨ ਪ੍ਰਾਜੈਕਟਾਂ ਨੂੰ ਵੀ ਨੁਕਸਾਨ ਹੋਇਆ ਹੈ। ਹੜ੍ਹ ਕਾਰਨ ਡੈਮ ਦਾ ਪਾਣੀ ਨਹੀਂ ਛੱਡਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਦਰਿਆਵਾਂ ਦੇ ਕੰਢੇ ਨਾ ਜਾਣ ਦੀ ਅਪੀਲ ਕੀਤੀ ਗਈ ਹੈ।
ਐਸਪੀ ਗੁਰਦੇਵ ਸ਼ਰਮਾ ਨੇ ਦੱਸਿਆ ਕਿ ਮੀਂਹ ਨੇ ਮਣੀਕਰਨ ਵਿੱਚ ਵੀ ਤਬਾਹੀ ਮਚਾਈ ਹੋਈ ਹੈ। ਇੱਥੇ ਦਰਜਨਾਂ ਸੈਲਾਨੀ ਕੈਂਪਾਂ ਅਤੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਦੇ ਨਾਲ ਹੀ ਆਫਤ ਪ੍ਰਬੰਧਨ ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹ ਕਾਰਨ ਕਰੀਬ 6 ਲੋਕ ਲਾਪਤਾ ਹੋ ਗਏ ਹਨ। ਖਤਰੇ ਦੇ ਮੱਦੇਨਜ਼ਰ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਰਹਿਣ ਅਤੇ ਨਦੀਆਂ ਦੇ ਕੰਢਿਆਂ ‘ਤੇ ਨਾ ਜਾਨ ਦੀ ਅਪੀਲ ਕੀਤੀ ਜਾ ਰਹੀ ਹੈ।
ਐਸਪੀ ਸ਼ਰਮਾ ਨੇ ਦੱਸਿਆ ਕਿ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹੈ। ਸਥਾਨਕ ਪ੍ਰਸ਼ਾਸਨ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾ ਰਿਹਾ ਹੈ। ਸੂਬੇ ਵਿੱਚ ਜਿੱਥੇ ਪਿਛਲੇ ਦੋ ਦਿਨਾਂ ਤੋਂ ਮੀਂਹ ਪੈ ਰਿਹਾ ਹੈ, ਉੱਥੇ ਹੀ ਮੌਸਮ ਵਿਭਾਗ ਨੇ ਔਰੇਂਜ ਅਲਰਟ ਜਾਰੀ ਕੀਤਾ ਹੈ।
ਜਾਣਕਾਰੀ ਮੁਤਾਬਕ ਕੁੱਲੂ ‘ਚ ਬੱਦਲ ਫਟਣ ਕਾਰਨ ਕਈ ਨਦੀਆਂ ਦਾ ਪਾਣੀ ਪੱਧਰ ਵਧ ਗਿਆ ਹੈ। ਇਸ ਕਾਰਨ ਹੜ੍ਹਾਂ ਦੀ ਸਥਿਤੀ ਬਣ ਗਈ ਹੈ। ਕਈ ਘਰਾਂ ਵਿੱਚ ਹੜ੍ਹ ਦਾ ਪਾਣੀ ਵੜ ਗਿਆ ਹੈ। ਇਸ ਦੇ ਨਾਲ ਹੀ ਪਾਰਵਤੀ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਸੰਕਟ ਵਧ ਗਿਆ ਹੈ। ਕਿਉਂਕਿ ਦਰਿਆ ਦਾ ਪਾਣੀ ਆਸ-ਪਾਸ ਦੇ ਪਿੰਡ ਤੱਕ ਪਹੁੰਚ ਗਿਆ ਹੈ।