ਸਿਰਸਾ, 7 ਜੁਲਾਈ 2022 – ਸਿਰਸਾ ਦੇ ਡੇਰਾ ਮੁਖੀ ਗੁਰਮੀਤ ਸਿੰਘ ਦੀ ਇੱਕ ਮਹੀਨੇ ਦੀ ਪੈਰੋਲ ਡੇਰਾ ਸੱਚਾ ਸੌਦਾ ਨੂੰ ਰਾਸ ਆ ਰਹੀ ਹੈ। ਡੇਰਾ ਮੁਖੀ ਨੂੰ ਪੈਰੋਲ ‘ਤੇ ਆਏ ਕਰੀਬ 20 ਦਿਨ ਹੋ ਚੁੱਕੇ ਹਨ। ਫਿਲਹਾਲ ਡੇਰਾ ਮੁਖੀ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਬਰਨਾਵਾ ਆਸ਼ਰਮ ਵਿੱਚ ਰਹਿ ਰਿਹਾ ਹੈ। ਡੇਰਾ ਮੁਖੀ ਉਥੋਂ ਆਨਲਾਈਨ ਸਤਿਸੰਗ ਕਰ ਰਿਹਾ ਹੈ। ਜਿਸ ਰਾਹੀਂ ਵੱਖ-ਵੱਖ ਰਾਜਾਂ ਦੇ ਡੇਰਾ ਪੈਰੋਕਾਰ ਜੁੜਦੇ ਹਨ। ਡੇਰਾ ਮੁਖੀ ਸਤਿਸੰਗ ਪ੍ਰੋਗਰਾਮ ਦੌਰਾਨ ਨਵੇਂ ਪੈਰੋਕਾਰਾਂ ਨੂੰ ਗੁਰੂ ਮੰਤਰ ਵੀ ਦੇ ਰਿਹਾ ਹੈ।
ਡੇਰਾ ਮੁਖੀ ਗੁਰਮੀਤ ਸਿੰਘ ਦੇ ਪੈਰੋਲ ‘ਤੇ ਆਉਣ ਤੋਂ ਬਾਅਦ ਇੱਕ ਵਾਰ ਫਿਰ ਡੇਰਾ ਸੱਚਾ ਸੌਦਾ ਦੀਆਂ ਗਤੀਵਿਧੀਆਂ ਸ਼ੁਰੂ ਹੋ ਗਈਆਂ ਹਨ। ਡੇਰਾ ਮੁਖੀ ਯੂਪੀ ਡੇਰੇ ‘ਚ ਰਹਿੰਦੇ ਹੋਏ ਰਾਤ ਨੂੰ ਆਨਲਾਈਨ ਸਤਿਸੰਗ ਕਰ ਰਿਹਾ ਹੈ। ਜਿਸ ਵਿੱਚ ਪੰਜਾਬ, ਰਾਜਸਥਾਨ, ਹਰਿਆਣਾ ਦੇ ਸੇਵਾਦਾਰ ਨਾਮਚਰਚਾ ਘਰ ਅਤੇ ਉਥੇ ਸਥਿਤ ਆਸ਼ਰਮਾਂ ਵਿੱਚ ਇਕੱਠੇ ਹੁੰਦੇ ਹਨ ਅਤੇ ਸਤਿਸੰਗ ਸੁਣਦੇ ਹਨ। ਇਸ ਦੌਰਾਨ ਡੇਰਾ ਮੁਖੀ ਦੀ ਆਮਦ ਦੀ ਖੁਸ਼ੀ ਵਿੱਚ ਰੰਗੋਲੀਆਂ ਸਜਾ ਕੇ ਅਤੇ ਜਾਗੋ ਕੱਢ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਡੇਰਾ ਮੁਖੀ ਨੇ ਇਸ ਦੌਰਾਨ ਵੱਖ-ਵੱਖ ਬਲਾਕਾਂ ਦੇ ਡੇਰਾ ਸਮਰਥਕਾਂ ਨਾਲ ਗੱਲਬਾਤ ਕੀਤੀ।
ਡੇਰਾ ਮੁਖੀ ਦੀ ਪੈਰੋਲ ਤੋਂ ਬਾਅਦ ਡੇਰਾ ਮੁਖੀ ਦੀ ਗੋਦ ਲਈ ਧੀ ਹਨੀਪ੍ਰੀਤ ਇੰਸਾਂ ਦੀ ਸਰਗਰਮੀ ਵੀ ਤੇਜ਼ ਹੋ ਗਈ ਹੈ। ਡੇਰਾ ਮੁਖੀ ਨੇ ਹਨੀਪ੍ਰੀਤ ਦੀ ਤਾਰੀਫ਼ ਕਰਦਿਆਂ ਕਿਹਾ ਕਿ ਧੀਆਂ ਪੁੱਤਰਾਂ ਨਾਲੋਂ ਵੱਧ ਹੁੰਦੀਆਂ ਹਨ। ਇਸ ਬੇਟੀ ‘ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਪਰ ਉਸ ਨੇ ਪ੍ਰਵਾਹ ਨਾ ਕੀਤੀ ਅਤੇ ਸ਼ਰਧਾਲੂ ਸਹਜੋਬਾਈ ਵਾਂਗ ਆਪਣੇ ਗੁਰੂ ਦੀ ਭਗਤੀ ‘ਚ ਲੱਗੀ ਰਹੀ। ਇਸ ਦੇ ਨਾਲ ਹੀ ਸਤਿਸੰਗ ਪ੍ਰੋਗਰਾਮ ਦੌਰਾਨ ਹਨੀਪ੍ਰੀਤ ਵੱਲੋਂ ਭੇਜੇ ਗਏ ਨੋਟਸ ਨੂੰ ਡੇਰਾ ਮੁਖੀ ਵੱਲੋਂ ਪੜ੍ਹਿਆ ਅਤੇ ਲਾਗੂ ਕੀਤਾ ਜਾਂਦਾ ਹੈ।
ਡੇਰਾ ਮੁਖੀ ਨੇ ਦੇਸ਼ ‘ਚ ਵੱਧ ਰਹੇ ਨਸ਼ੇ ‘ਤੇ ਚਿੰਤਾ ਪ੍ਰਗਟਾਈ ਹੈ। ਅੱਜ ਇੱਥੇ ਨਸ਼ੇ ਦਾ ਸਾਗਰ ਵਹਿ ਰਿਹਾ ਹੈ। ਕਦੇ ਇੱਥੇ ਓਮ ਹਰੀ, ਅੱਲ੍ਹਾ ਦੇ ਨਾਮ ਦਾ ਸਾਗਰ ਵਗਦਾ ਸੀ। ਡੇਰਾ ਮੁਖੀ ਨੇ ਕਿਹਾ ਕਿ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਵਪਾਰੀਆਂ ਨੂੰ ਸਿਆਣਪ ਬਖਸ਼ੇ। ਅਜਿਹੇ ਲੋਕ ਨਸ਼ਿਆਂ ਨੂੰ ਛੱਡ ਕੇ ਕੋਈ ਚੰਗਾ ਕਾਰੋਬਾਰ ਕਰਨ।