- ਕਤਲ ‘ਚ ਮਦਦ ਕਰਨ ਦਾ ਸ਼ੱਕ
ਚੰਡੀਗੜ੍ਹ, 8 ਜੁਲਾਈ 2022 – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਨਵਾਂ ਰਾਜਸਥਾਨ ਕਨੈਕਸ਼ਨ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਜੈਪੁਰ ਜੇਲ੍ਹ ਵਿੱਚ ਬੰਦ ਗੈਂਗਸਟਰ ਦਾਨਾਰਾਮ ਵੀ ਸ਼ਾਮਲ ਸੀ। ਉਸ ‘ਤੇ ਕਾਤਲਾਂ ਦੀ ਮਦਦ ਕਰਨ ਦਾ ਸ਼ੱਕ ਹੈ। ਪੰਜਾਬ ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਕਤਲ ਵਾਲੇ ਦਿਨ ਦਾਨਾਰਾਮ ਸ਼ਾਰਪਸ਼ੂਟਰਾਂ ਦੇ ਨਾਲ ਸੀ।
ਦਾਨਾਰਾਮ ਰੋਹਿਤ ਗੋਦਾਰਾ ਗੈਂਗ ਦਾ ਗੈਂਗਸਟਰ ਹੈ। ਫਿਲਹਾਲ ਉਹ ਜੈਪੁਰ ਜੇਲ੍ਹ ‘ਚ ਬੰਦ ਹੈ। ਦਾਨਾਰਾਮ ਨੂੰ ਲਿਆਉਣ ਲਈ ਪੰਜਾਬ ਪੁਲਿਸ ਰਾਜਸਥਾਨ ਪਹੁੰਚ ਗਈ ਹੈ। ਦਿੱਲੀ ਤਿਹਾੜ ਜੇਲ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦੇ ਗਏ ਸ਼ਾਰਪ ਸ਼ੂਟਰ ਪ੍ਰਿਆਵਰਤ ਫੌਜੀ ਤੋਂ ਪੁੱਛਗਿੱਛ ਤੋਂ ਬਾਅਦ ਦਾਨਾਰਾਮ ਦਾ ਨਾਂ ਸਾਹਮਣੇ ਆਇਆ ਸੀ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੂਸੇਵਾਲਾ ਦੇ ਕਤਲ ਦਾ ਸਬੰਧ ਰਾਜਸਥਾਨ ਨਾਲ ਜੁੜਿਆ ਹੋਵੇ। ਮੂਸੇਵਾਲਾ ਦੇ ਕਤਲ ਵਿੱਚ ਸ਼ਾਰਪਸ਼ੂਟਰਾਂ ਵੱਲੋਂ ਵਰਤੀ ਗਈ ਬੋਲੈਰੋ ਵੀ ਰਾਜਸਥਾਨ ਤੋਂ ਆਈ ਸੀ। ਇਹ ਬੋਲੈਰੋ ਰਾਵਤਸਰ ਤੋਂ ਫਤਿਹਾਬਾਦ ਹਰਿਆਣਾ ਜਾ ਰਹੀ ਸੀ। ਜਿਸ ਦੀ ਵਰਤੋਂ ਸ਼ਾਰਪਸ਼ੂਟਰਾਂ ਦੀ ਟੀਮ ਨੇ ਪ੍ਰਿਆਵਰਤ ਫੌਜੀ ਦੀ ਅਗਵਾਈ ਵਿੱਚ ਕੀਤੀ।

ਮਾਨਸਾ ਦੇ ਜਵਾਹਰਕੇ ਵਿੱਚ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਿਸ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਨੇ ਲਈ ਸੀ। ਦਿੱਲੀ ਪੁਲਸ ਨੇ ਇਸ ਮਾਮਲੇ ‘ਚ 3 ਸ਼ਾਰਪ ਸ਼ੂਟਰਾਂ ਪ੍ਰਿਆਵਰਤ ਫੌਜੀ, ਕਸ਼ਿਸ਼ ਅਤੇ ਅੰਕਿਤ ਸੇਰਸਾ ਨੂੰ ਗ੍ਰਿਫਤਾਰ ਕੀਤਾ ਹੈ। ਦੀਪਕ ਮੁੰਡੀ, ਜਗਰੂਪ ਰੂਪਾ ਅਤੇ ਮਨੂ ਕੁੱਸਾ ਅਜੇ ਫਰਾਰ ਹਨ। ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਸ਼ਾਰਪਸ਼ੂਟਰਾਂ ਦੀ ਮਦਦ ਕਰਨ ਵਾਲੇ 14 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਨੂੰ ਵੀ ਪ੍ਰੋਡਕਸ਼ਨ ਵਾਰੰਟ ਅਧੀਨ ਲਿਆ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
