ਚੰਡੀਗੜ੍ਹ, 8 ਜੁਲਾਈ 2022 – ਪੰਜਾਬ ਰਾਜ ਸਾਈਬਰ ਸੈੱਲ ਨੇ ਅੰਤਰਰਾਸ਼ਟਰੀ ਸਾਈਬਰ ਫਰਾਡ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਸਟੇਟ ਸਾਈਬਰ ਸੈੱਲ ਦੀ ਟੀਮ ਨੇ ਦਿੱਲੀ ‘ਚ ਛਾਪਾ ਮਾਰ ਕੇ ਦੋ ਨਾਈਜੀਰੀਅਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਮੁਲਜ਼ਮ ਸਰਕਾਰੀ ਅਧਿਕਾਰੀਆਂ ਦੀ ਡੀਪੀ ਵਟਸਐਪ ‘ਤੇ ਪਾ ਕੇ ਲੋਕਾਂ ਨੂੰ ਠੱਗ ਰਹੇ ਸਨ। ਮੁਲਜ਼ਮਾਂ ਕੋਲੋਂ ਕਰੀਬ 108 ਜੀਬੀ ਡਾਟਾ ਵੀ ਬਰਾਮਦ ਕੀਤਾ ਗਿਆ ਹੈ, ਜਿਸ ਦੀ ਜਾਂਚ ਜਾਰੀ ਹੈ।
ਧਿਆਨ ਯੋਗ ਹੈ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਸਾਬਕਾ ਡੀਜੀਪੀ ਵੀਕੇ ਭਾਵਰਾ ਦੀ ਤਸਵੀਰ ਵਾਲੇ ਵਟਸਐਪ ਰਾਹੀਂ ਪੰਜਾਬ ਦੇ ਕਈ ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਸੰਦੇਸ਼ ਭੇਜੇ ਗਏ ਸਨ। ਮੁਲਜ਼ਮਾਂ ਨੇ ਡੀਜੀਪੀ ਦੇ ਨਾਂ ’ਤੇ ਪੈਸਿਆਂ ਦੀ ਮੰਗ ਵੀ ਕੀਤੀ ਪਰ ਮਾਮਲਾ ਭਵਰਾ ਦੇ ਧਿਆਨ ਵਿੱਚ ਆ ਗਿਆ। ਜਾਂਚ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ। ਹੁਣ ਦਿੱਲੀ ਤੋਂ ਦੋ ਨਾਈਜੀਰੀਅਨ ਗ੍ਰਿਫਤਾਰ ਕੀਤੇ ਗਏ ਹਨ। ਦੋਵਾਂ ਦੀ ਪਛਾਣ ਨਾਈਜੀਰੀਆ ਦੇ ਲਾਗੋਸ ਦੇ ਰਹਿਣ ਵਾਲੇ ਐਨੀਓਕ ਹਾਈਗਿਨਸ ਓਕਵੁਡੀਲੀ ਉਰਫ ਪੋਕਾ ਅਤੇ ਫਰੈਂਕਲਿਨ ਉਰਫ ਵਿਲੀਅਮ ਵਜੋਂ ਹੋਈ ਹੈ।
ਪੰਜਾਬ ਸਾਈਬਰ ਸੈੱਲ ਦੀ ਟੀਮ ਨੇ ਦੋਵਾਂ ਮੁਲਜ਼ਮਾਂ ਕੋਲੋਂ ਡੈਬਿਟ ਕਾਰਡ, ਗੈਜੇਟਸ, ਮੋਬਾਈਲ ਫੋਨ, ਲੈਪਟਾਪ ਅਤੇ 108 ਜੀਬੀ ਡਾਟਾ ਬਰਾਮਦ ਕੀਤਾ ਹੈ, ਜਿਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦੋਵਾਂ ਮੁਲਜ਼ਮਾਂ ਕੋਲੋਂ ਮਹਿੰਗੀਆਂ ਘੜੀਆਂ ਵੀ ਬਰਾਮਦ ਹੋਈਆਂ ਹਨ। ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਦੇ ਪਾਸਪੋਰਟ ਵੀ ਜ਼ਬਤ ਕਰ ਲਏ ਹਨ। ਦੋਵੇਂ ਮਹਿੰਗੇ ਗੈਜੇਟਸ ਦੀ ਵਰਤੋਂ ਕਰਨ ਦੇ ਸ਼ੌਕੀਨ ਹਨ।

ਇਹ ਗਿਰੋਹ ਸਿਰਫ਼ ਪੰਜਾਬ ਵਿੱਚ ਹੀ ਨਹੀਂ ਸਗੋਂ ਹੋਰ ਰਾਜਾਂ ਵਿੱਚ ਵੀ ਇਸੇ ਤਰ੍ਹਾਂ ਠੱਗੀ ਮਾਰ ਰਿਹਾ ਸੀ। ਕੁਝ ਦਿਨ ਪਹਿਲਾਂ ਜੰਮੂ-ਕਸ਼ਮੀਰ ਦੇ ਡੀਜੀਪੀ ਦੀ ਤਸਵੀਰ ਵਾਲੇ ਵਟਸਐਪ ਰਾਹੀਂ ਸੀਨੀਅਰ ਅਧਿਕਾਰੀਆਂ ਨੂੰ ਸੰਦੇਸ਼ ਭੇਜੇ ਗਏ ਸਨ। ਇੱਥੇ ਵੀ ਡੀਜੀਪੀ ਦੇ ਨਾਂ ‘ਤੇ ਪੈਸੇ ਦੀ ਮੰਗ ਕੀਤੀ ਜਾ ਰਹੀ ਸੀ।
