ਜਲੰਧਰ, 8 ਜੁਲਾਈ 2022 – ਪੰਜਾਬ ਦੇ ਜਲੰਧਰ ਸ਼ਹਿਰ ਦੇ ਟੈਗੋਰ ਨਗਰ ‘ਚ ਦੇਰ ਰਾਤ ਮਾਮੂਲੀ ਝਗੜੇ ‘ਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਦੋ ਨੌਜਵਾਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ। ਦੋਵਾਂ ਨੌਜਵਾਨਾਂ ਦੇ ਸਿਰ ‘ਤੇ ਦਾਤਰਾਂ ਨਾਲ ਵਾਰ ਕੀਤੇ ਗਏ। ਖੂਨ ਨਾਲ ਲੱਥਪੱਥ ਨੌਜਵਾਨਾਂ ਨੇ ਦੋਸ਼ ਲਾਇਆ ਕਿ ਹਮਲਾ ਕਰਨ ਵਾਲਿਆਂ ਕੋਲ ਦੇਸੀ ਪਿਸਤੌਲ ਵੀ ਸਨ।
ਟੈਗੋਰ ਨਗਰ ਦੀ ਗਲੀ ਨੰਬਰ ਦੋ ਵਿੱਚ ਗੇਟ ’ਤੇ ਪਥਰ ਮਾਰਨ ਨੂੰ ਲੈ ਕੇ ਝਗੜਾ ਹੋਇਆ ਸੀ। ਦਰਅਸਲ ਇਹ ਝਗੜਾ ਕਿਸੇ ਗਲਤਫਹਿਮੀ ਕਾਰਨ ਹੋਇਆ ਸੀ। ਗਲੀ ਵਿੱਚ ਆਵਾਰਾ ਕੁੱਤੇ ਬਹੁਤ ਹਨ। ਜ਼ੋਮੈਟੋ ਦੇ ਆਰਡਰ ਡਿਲੀਵਰ ਕਰਨ ਵਾਲਾ ਲੜਕਾ ਜਦੋਂ ਗਲੀ ‘ਚੋਂ ਲੰਘਿਆ ਤਾਂ ਕੁੱਤਿਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ‘ਤੇ ਭੌਂਕਣ ਲੱਗੇ।
Zomato ‘ਚ ਕੰਮ ਕਰਦੇ ਲੜਕੇ ਨੇ ਗਲੀ ‘ਚ ਪਿਆ ਪੱਥਰ ਚੁੱਕ ਕੇ ਕੁੱਤਿਆਂ ਨੂੰ ਮਾਰਿਆ ਪਰ ਪੱਥਰ ਗਲੀ ‘ਚ ਇਕ ਘਰ ਦੇ ਗੇਟ ‘ਤੇ ਜਾ ਵੱਜਿਆ। ਜ਼ੋਮੈਟੋ ਵਾਲਾ ਵਿਅਕਤੀ ਉਥੋਂ ਚਲਾ ਗਿਆ ਪਰ ਜਦੋਂ ਘਰ ਦੇ ਲੋਕ ਗੇਟ ਖੋਲ੍ਹ ਕੇ ਬਾਹਰ ਆਏ ਤਾਂ ਉਨ੍ਹਾਂ ਨੇ ਗਲੀ ‘ਚ ਇਕ ਨੌਜਵਾਨ ਨੂੰ ਘੁੰਮਦੇ ਦੇਖਿਆ। ਪਰਿਵਾਰ ਵਾਲਿਆਂ ਨੇ ਉਸ ਨੂੰ ਘੇਰ ਲਿਆ ਅਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ।
ਨੌਜਵਾਨ ਨੇ ਕਿਹਾ ਕਿ ਉਸ ਨੇ ਪੱਥਰ ਨਹੀਂ ਮਾਰਿਆ। ਇਸ ਤੋਂ ਬਾਅਦ ਤੂੰ-ਤੂੰ, ਮੈਂ-ਮੈਂ ਹੋਈ। ਨੌਜਵਾਨ ਨੇ ਜਦੋਂ ਆਪਣੇ ਇਕ ਨਜ਼ਦੀਕੀ ਨੂੰ ਬੁਲਾਇਆ ਤਾਂ ਉਹ ਵੀ ਉਥੇ ਆ ਗਿਆ। ਇਸ ਤੋਂ ਬਾਅਦ ਮਾਮਲਾ ਵਧ ਗਿਆ। ਘਰ ਦੇ ਨੌਜਵਾਨਾਂ ਨੇ ਦੋਵਾਂ ਨੌਜਵਾਨਾਂ ‘ਤੇ ਦਾਤਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ।
ਦੇਰ ਰਾਤ ਝਗੜੇ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਵੀ ਮੌਕੇ ’ਤੇ ਪੁੱਜ ਗਈ। ਜਿਨ੍ਹਾਂ ਨੌਜਵਾਨਾਂ ‘ਤੇ ਦੂਜੇ ਪਾਸਿਓਂ ਹਮਲਾ ਹੋਇਆ, ਉਨ੍ਹਾਂ ਦੇ ਨਜ਼ਦੀਕੀ ਨੌਜਵਾਨ ਵੀ ਮੌਕੇ ‘ਤੇ ਪਹੁੰਚ ਗਏ। ਹਮਲਾ ਕਰਨ ਵਾਲੇ ਨੌਜਵਾਨ ਜਦੋਂ ਗਾਇਬ ਹੋ ਗਏ ਤਾਂ ਘਰ ਦੀਆਂ ਔਰਤਾਂ ਨੇ ਮੋਰਚਾ ਖੋਲ੍ਹ ਦਿੱਤਾ। ਦੇਰ ਰਾਤ ਤੱਕ ਇਲਾਕੇ ਦੇ ਲੋਕਾਂ ਵਿੱਚ ਹਫੜਾ-ਦਫੜੀ ਮੱਚੀ ਰਹੀ।
ਨੌਜਵਾਨ ਮੰਗ ਕਰ ਰਹੇ ਸਨ ਕਿ ਪੁਲੀਸ ਘਰੋਂ ਉਹ ਦੇਸੀ ਪਿਸਤੌਲ ਲੈ ਕੇ ਆਏ ਸਨ, ਪੁਲਿਸ ਉਸ ਨੂੰ ਬਰਾਮਦ ਕਰੇ, ਜੋ ਉਨ੍ਹਾਂ ਨੂੰ ਡਰਾਉਣ ਲਈ ਵਿਖਾਏ ਗਏ ਸਨ। ਪੁਲੀਸ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲੈ ਰਹੇ ਹਨ। ਜੇਕਰ ਫੁਟੇਜ ‘ਚ ਪਿਸਤੌਲ ਦਿਖਾਏ ਗਏ ਦੇਖਿਆ ਗਿਆ ਤਾਂ ਪਰਿਵਾਰ ਖਿਲਾਫ ਅਸਲਾ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।