ਸੱਜਣ ਕੁਮਾਰ ਦੀ ਜ਼ਮਾਨਤ ਰੱਦ ਕਰਵਾਉਣ ਦਾ ਸਿਹਰਾ ਲੈਣ ‘ਤੇ ਹੋਇਆ ਵਿਵਾਦ

ਨਵੀਂ ਦਿੱਲੀ, 8 ਜੁਲਾਈ 2022 – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਜ਼ਮਾਨਤ ਰੱਦ ਕਰਵਾਉਣ ਦੇ ਬੁੱਧਵਾਰ ਨੂੰ ਕੀਤੇ ਗਏ ਦਾਅਵੇ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ। ਜਾਗੋ ਪਾਰਟੀ ਦੇ ਇੰਟਰਨੈਸ਼ਨਲ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦਿੱਲੀ ਕਮੇਟੀ ਦੇ ਇਸ ਦਾਅਵੇ ‘ਤੇ ਸਵਾਲ ਚੁੱਕੇ ਹਨ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੀਕੇ ਨੇ ਕਿਹਾ ਕਿ ਕਮੇਟੀ ਨੇ ਬੀਤੇ ਦਿਨੀਂ ਸਰਸਵਤੀ ਵਿਹਾਰ ਥਾਣੇ ਦੇ ਕੇਸ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਝੂਠਾ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਵਕੀਲ ਗੁਰਬਖਸ਼ ਸਿੰਘ ਨੇ ਦਿੱਲੀ ਹਾਈਕੋਰਟ ਵਿੱਚ ਪੇਸ਼ ਹੋ ਕੇ ਸੱਜਣ ਕੁਮਾਰ ਦੀ ਜ਼ਮਾਨਤ ਦਾ ਵਿਰੋਧ ਕੀਤਾ ਸੀ। ਜਦਕਿ ਐੱਸ.ਆਈ.ਟੀ. ਦੇ ਐਡਵੋਕੇਟ ਅਜੈ ਦਿਗਪਾਲ ਨੇ ਹਾਈਕੋਰਟ ਵਿੱਚ ਦਲੀਲਾਂ ਦੇ ਕੇ ਸੱਜਣ ਕੁਮਾਰ ਨੂੰ ਜ਼ਿਲ੍ਹਾ ਅਦਾਲਤ ਤੋਂ ਮਿਲੀ ਜ਼ਮਾਨਤ ਰੱਦ ਕਰਵਾ ਦਿੱਤੀ ਹੈ। ਕਿਉਂਕਿ ਦਿੱਲੀ ਹਾਈ ਕੋਰਟ ਦੇ ਹੁਕਮਾਂ ਵਿੱਚ ਗੁਰਬਖਸ਼ ਸਿੰਘ ਦੇ ਪੇਸ਼ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਜੀਕੇ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਆਗੂਆਂ ਵਿੱਚ ਦੂਸਰਿਆਂ ਵੱਲੋਂ ਕੀਤੇ ਕੰਮਾਂ ਦਾ ਸਿਹਰਾ ਲੈਣ ਦੀ ਦੌੜ ਲੱਗੀ ਹੋਈ ਹੈ। ਜਦੋਂ ਸੱਜਣ ਕੁਮਾਰ ਨੂੰ ਇਸ ਮਾਮਲੇ ਵਿੱਚ 27 ਅਪ੍ਰੈਲ 2022 ਨੂੰ ਰਾਉਜ਼ ਐਵੇਨਿਊ ਅਦਾਲਤ ਨੇ ਜ਼ਮਾਨਤ ਦਿੱਤੀ ਸੀ ਤਾਂ ਕਮੇਟੀ ਨੇ ਕਿਹਾ ਸੀ ਕਿ ਮਨਜੀਤ ਸਿੰਘ ਜੀਕੇ ਦੀ ਗਲਤੀ ਕਾਰਨ ਸੱਜਣ ਕੁਮਾਰ ਨੂੰ ਜ਼ਮਾਨਤ ਮਿਲੀ ਹੈ ਕਿਉਂਕਿ ਸਾਡੇ ਰਿਕਾਰਡ ਵਿੱਚ ਪੀੜਤ ਪਰਿਵਾਰ ਦਾ ਵਕਾਲਤਨਾਮਾ ਨਹੀਂ ਸੀ। ਹੁਣ ਜਦੋਂ ਐੱਸ.ਆਈ.ਟੀ. ਦੇ ਵਕੀਲ ਕਰਕੇ ਸੱਜਣ ਕੁਮਾਰ ਦੀ ਜ਼ਮਾਨਤ ਰੱਦ ਹੋ ਗਈ ਹੈ, ਤਾਂ ਇਸ ਲਈ ਹੁਣ ਇਸ ਦਾ ਸਿਹਰਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜੀਕੇ ਨੇ ਮੈਟਰੋ ਰੋਕੋ ਕੇਸ ਵਿੱਚ ਕੱਲ੍ਹ ਤੀਸ਼ ਹਜਾਰੀ ਅਦਾਲਤ ਤੋਂ 5 ਮੁਲਜ਼ਮਾਂ ਨੂੰ ਮਿਲੀ ਜ਼ਮਾਨਤ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਮੇਰੀ ਅਗਵਾਈ ਵਿੱਚ 1984 ਦੇ ਇਨਸਾਫ਼ ਲਈ ਲੰਮੀ ਲੜਾਈ ਲੜੀ ਗਈ ਸੀ। ਜਦੋਂ ਸੱਜਣ ਕੁਮਾਰ ਨੂੰ ਸੀਬੀਆਈ ਵੱਲੋਂ ਕਲੀਨ ਚਿੱਟ ਦਿੱਤੀ ਗਈ ਸੀ ਤਾਂ ਅਸੀਂ ਵੱਡੇ ਪੱਧਰ ‘ਤੇ ਜਨਤਕ ਅੰਦੋਲਨ ਕੀਤਾ ਸੀ ਅਤੇ ਉਸ ਦੌਰਾਨ ਮੈਟਰੋ ਨੂੰ ਰੋਕ ਦਿੱਤਾ ਗਿਆ ਸੀ।

ਇਸ ਲਈ ਮੈਂ ਪਰਮਜੀਤ ਸਿੰਘ ਰਾਣਾ, ਪਰਮਿੰਦਰ ਪਾਲ ਸਿੰਘ, ਹਰਦੇਵ ਸਿੰਘ ਧਨੋਆ, ਹਰਮੀਤ ਸਿੰਘ ਕਾਲਕਾ ਅਤੇ ਜਸਪ੍ਰੀਤ ਸਿੰਘ ਵਿੱਕੀ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੋ ਪੰਥ ਦੇ ਹਿੱਤਾਂ ਲਈ ਇਹ ਅਦਾਲਤਾਂ ਵਿੱਚ ਪੇਸ਼ੀਆਂ ਭੁਗਤ ਰਹੇ ਹਨ। ਇਸ ਦੇ ਨਾਲ ਹੀ ਮੈਂ ਕਮੇਟੀ ਪ੍ਰਬੰਧਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਦੂਜਿਆਂ ਦੇ ਕੰਮਾਂ ਦਾ ਸਿਹਰਾ ਲੈਣ ਦੇ ਚੱਕਰ ਵਿੱਚ ਨਾ ਆਉਣ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਸਤਨਾਮ ਸਿੰਘ, ਮਹਿੰਦਰ ਸਿੰਘ ਅਤੇ ਜਾਗੋ ਦੇ ਸਕੱਤਰ ਜਨਰਲ ਡਾ: ਪਰਮਿੰਦਰ ਪਾਲ ਸਿੰਘ ਹਾਜ਼ਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਬਨਿਟ ਮੰਤਰੀ ਮੀਤ ਹੇਅਰ ਤੇ ਹੋਰ ‘ਆਪ’ ਆਗੂ ਕਾਂਗਰਸ ਸਰਕਾਰ ਵੇਲੇ ਧਰਨਾ ਲਾਉਣ ‘ਤੇ ਹੋਏ ਕੇਸ ‘ਚੋਂ ਹੋਏ ਬਰੀ

ਮਾਣਹਾਨੀ ਦੀ ਸ਼ਿਕਾਇਤ ਰੱਦ ਕਰਨ ਦੀ ਮੰਗ ਨੂੰ ਲੈ ਕੇ ਹਾਈਕੋਰਟ ਪਹੁੰਚੀ ਕੰਗਨਾ ਰਣੌਤ