ਪੰਜਾਬ ਪੁਲਿਸ ਨੇ 101 ਸਬ-ਇੰਸਪੈਕਟਰਾਂ ਨੂੰ ਤਰੱਕੀ ਦੇ ਕੇ ਬਣਾਇਆ ਇੰਸਪੈਕਟਰ, ਇਹਨਾਂ ‘ਚ 95 ਮਹਿਲਾ ਅਧਿਕਾਰੀ

  • ਡੀਜੀਪੀ ਪੰਜਾਬ ਗੌਰਵ ਯਾਦਵ ਨੇ ਪਦਉੱਨਤ ਹੋਏ ਇੰਸਪੈਕਟਰਾਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ ਅਤੇ ਇਮਾਨਦਾਰੀ ਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ ਲਈ ਪ੍ਰੇਰਿਆ
  • ਪੁਲਿਸ ਵਲੋਂ ਕੀਤੀਆਂ 101 ਤਰੱਕੀਆਂ ਵਿੱਚੋਂ 95 ਮਹਿਲਾ ਅਧਿਕਾਰੀ

ਚੰਡੀਗੜ੍ਹ, 9 ਜੁਲਾਈ 2022 – ਪੰਜਾਬ ਪੁਲਿਸ ਫੋਰਸ ਦੇ ਮਨੋਬਲ ਨੂੰ ਹੋਰ ਉੱਚਾ ਚੁੱਕਣ ਲਈ, ਡੀਜੀਪੀ ਪੰਜਾਬ ਗੌਰਵ ਯਾਦਵ ਨੇ ਅੱਜ 101 ਸਬ-ਇੰਸਪੈਕਟਰਾਂ, ਜਿਨ੍ਹਾਂ ਵਿੱਚ 95 ਮਹਿਲਾ ਅਧਿਕਾਰੀ ਵੀ ਸ਼ਾਮਲ ਹਨ, ਨੂੰ ਇੰਸਪੈਕਟਰ ਦੇ ਅਹੁਦੇ ‘ਤੇ ਤਰੱਕੀ ਦਿੱਤੀ। ਇਹਨਾਂ 101 ਪੁਲਿਸ ਮੁਲਾਜ਼ਮਾਂ ਦੀ ਇਸ ਤਰੱਕੀ ਨਾਲ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਇੰਸਪੈਕਟਰ ਰੈਂਕ ਦੀਆਂ ਸਾਰੀਆਂ ਅਸਾਮੀਆਂ ਭਰ ਦਿੱਤੀਆਂ ਗਈਆਂ ਹਨ।

ਡੀਜੀਪੀ ਗੌਰਵ ਯਾਦਵ ਨੇ ਕਿਹਾ, “ਅੱਜ ਅਸੀਂ 101 ਸਬ-ਇੰਸਪੈਕਟਰਾਂ ਨੂੰ ਇੰਸਪੈਕਟਰਾਂ ਦੇ ਰੈਂਕ ਤੱਕ ਪਦਉੱਨਤ ਕੀਤਾ ਹੈ, ਜਿਸ ਨਾਲ ਨਾ ਸਿਰਫ ਫੀਲਡ ਵਿੱਚ ਸੁਪਰਵਾਈਜ਼ਰੀ ਪੱਧਰ ‘ਤੇ ਸਟਾਫ ਦੀ ਕਮੀ ਦੂਰ ਹੋਵੇਗੀ ਬਲਕਿ ਅਧਿਕਾਰੀਆਂ ਨੂੰ ਵੀ ਉਨ੍ਹਾਂ ਦੀ ਤਰੱਕੀ ਦਾ ਬਣਦਾ ਹੱਕ ਮਿਲੇਗਾ।’’

ਡੀਜੀਪੀ ਨੇ ਇੱਥੇ ਪਦਉੱਨਤ ਹੋਏ ਕੁਝ ਅਧਿਕਾਰੀਆਂ ਦੇ ਮੋਢਿਆਂ ‘ਤੇ ਸੰਕੇਤਕ ਤੌਰ ‘ਤੇ ਸਟਾਰ ਲਗਾਉਂਦੇ ਹੋਏ, ਸਾਰੇ ਪਦਉੱਨਤ ਅਧਿਕਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਹਨਾਂ ਨੇ ਅਧਿਕਾਰੀਆਂ ਨੂੰ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਤੁਹਾਡੇ ਮੋਢਿਆਂ ‘ਤੇ ਲੱਗੇ ਨਵੇਂ ਸਟਾਰ ਨਾਲ ਜ਼ਿੰਮੇਵਾਰੀ ਵੀ ਵਧੀ ਹੈ।

ਹੋਰ ਵੇਰਵੇ ਦਿੰਦਿਆਂ ਉਨ੍ਹਾਂ ਕਿਹਾ ਕਿ ਪਦਉੱਨਤ ਹੋਈਆਂ ਸਾਰੀਆਂ 95 ਮਹਿਲਾ ਅਧਿਕਾਰੀ 2015 ਬੈਚ ਰਾਹੀਂ ਸਿੱਧੀਆਂ ਸਬ-ਇੰਸਪੈਕਟਰ ਭਰਤੀ ਹੋਈਆਂ ਹਨ ਅਤੇ ਉਨ੍ਹਾਂ ਕੋਲ ਸੱਤ ਸਾਲ ਦਾ ਫੀਲਡ ਤਜਰਬਾ ਹੈ। ਜਦਕਿ ਬਾਕੀ ਛੇ ਸਬ-ਇੰਸਪੈਕਟਰ, ਜੋ ਹੁਣ ਇੰਸਪੈਕਟਰ ਬਣ ਗਏ ਹਨ, ਆਪਣੀ ਪਦਉੱਨਤੀ ਦੀ ਉਡੀਕ ਕਰ ਰਹੇ ਸਨ।

ਸਮੇਂ ਸਿਰ ਪਦਉੱਨਤੀ ਨੂੰ ਹਰੇਕ ਪੁਲਿਸ ਕਰਮਚਾਰੀ ਦਾ ਅਧਿਕਾਰ ਦੱਸਦਿਆਂ ਡੀਜੀਪੀ ਨੇ ਸਮੂਹ ਪੁਲਿਸ ਬਲ ਨੂੰ ਜਲਦ ਹੀ ਉਨ੍ਹਾਂ ਦੀਆਂ ਬਣਦੀਆਂ ਤਰੱਕੀਆਂ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਹੈੱਡ ਕਾਂਸਟੇਬਲ, ਸਹਾਇਕ ਸਬ-ਇੰਸਪੈਕਟਰ ਅਤੇ ਸਬ-ਇੰਸਪੈਕਟਰ ਸਮੇਤ ਸੁਪਰਵਾਈਜ਼ਰੀ ਪੱਧਰ ‘ਤੇ ਖਾਲੀ ਪਈਆਂ ਅਸਾਮੀਆਂ ਨੂੰ ਜਲਦੀ ਭਰਿਆ ਜਾਵੇਗਾ।

ਜਿਕਰਯੋਗ ਹੈ ਕਿ ਇਹ ਕਦਮ ਮਹਿਲਾ ਸਸ਼ਕਤੀਕਰਨ ਵੱਲ ਪੰਜਾਬ ਸਰਕਾਰ ਦਾ ਇੱਕ ਹੋਰ ਉਪਰਾਲਾ ਹੈ ਕਿਉਂਕਿ ਇਸ ਬੈਚ ਦੀ ਤਰੱਕੀ ਨਾਲ ਪੁਲਿਸ ਬਲ ਵਿੱਚ ਸੁਪਰਵਾਈਜ਼ਰੀ ਪੱਧਰ ‘ਤੇ ਮਹਿਲਾਵਾਂ ਦੀ ਪ੍ਰਤੀਨਿਧਤਾ ਹੋਰ ਵਧੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

4 PPS ਅਫਸਰਾਂ ਦੀਆਂ ਬਦਲੀਆਂ

ਜੱਗੂ ਭਗਵਾਨਪੁਰੀਆ ਦੇ ਸਾਥੀ ਗੈਂਗਸਟਰ ਕਲਿਆਣ ਨੇ ਪੁਲਿਸ ਦੇ ਸਾਹਮਣੇ ਖੋਲ੍ਹੇ ਕਈ ਰਾਜ਼