ਅੰਮ੍ਰਿਤਸਰ, 9 ਜੁਲਾਈ 2022 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਤੋਂ ਦੋ ਦਿਨ ਬਾਅਦ ਉਨ੍ਹਾਂ ਦੀ ਮਾਤਾ ਹਰਪਾਲ ਕੌਰ ਹਰਿਮੰਦਰ ਸਾਹਿਬ ਪਹੁੰਚੀ। ਸਖ਼ਤ ਸੁਰੱਖਿਆ ਵਿਚਕਾਰ ਹਰਿਮੰਦਰ ਸਾਹਿਬ ਪਹੁੰਚੀ ਹਰਪਾਲ ਕੌਰ ਨੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਕੀਤੀ ਅਤੇ ਫਿਰ ਗੁਰੂਘਰ ਵਿਖੇ ਮੱਥਾ ਟੇਕਿਆ। ਇਸ ਦੌਰਾਨ ਉਸ ਨੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ ਪਰ ਉਹ ਆਪਣੇ ਬੇਟੇ ਦਾ ਵਿਆਹ ਲਈ ਧੰਨਵਾਦ ਕਰਨ ਗੁਰੂਘਰ ਪਹੁੰਚੀ ਸੀ।
ਸ਼ਨੀਵਾਰ ਦੁਪਹਿਰ ਨੂੰ ਹਰਿਮੰਦਰ ਸਾਹਿਬ ਦੀ ਸੁਰੱਖਿਆ ਸਖਤ ਕਰ ਦਿੱਤੀ ਗਈ। ਉਸੇ ਸਮੇਂ ਹਰਪਾਲ ਕੌਰ ਗੁਰੂਘਰ ਪਹੁੰਚ ਗਈ। ਉਸ ਦੇ ਨਾਲ ਸੁਰੱਖਿਆ ਮੁਲਾਜ਼ਮ ਵੀ ਸਨ ਪਰ ਉਹ ਗੁਰੂਘਰ ਵਿੱਚ ਆਮ ਵਿਅਕਤੀ ਵਾਂਗ ਪਰਿਕਰਮਾ ਕਰਦੀ ਨਜ਼ਰ ਆਈ। ਇਸ ਦੌਰਾਨ ਹਰਪਾਲ ਨੇ ਕਿਸੇ ਨਾਲ ਵੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਪਰਿਕਰਮਾ ਤੋਂ ਬਾਅਦ ਪ੍ਰਸ਼ਾਦ ਛਕਿਆ ਅਤੇ ਫਿਰ ਅੰਦਰ ਚਲੀ ਗਈ। ਉਸ ਦਾ ਸਿਰਫ਼ ਇਹੀ ਕਹਿਣਾ ਸੀ ਕਿ ਉਹ ਆਪਣੇ ਪੁੱਤਰ ਦੀ ਚੰਗੀ ਜ਼ਿੰਦਗੀ ਲਈ ਅਰਦਾਸ ਕਰਨ ਆਈ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਦੋ ਦਿਨ ਪਹਿਲਾਂ ਹੀ ਡਾਕਟਰ ਗੁਰਪ੍ਰੀਤ ਕੌਰ ਨਾਲ ਵਿਆਹ ਹੋਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਉਸ ਨੇ ਇਹ ਵਿਆਹ ਆਪਣੀ ਮਾਤਾ ਹਰਪਾਲ ਕੌਰ ਦੀ ਮਰਜ਼ੀ ਨਾਲ ਕਰਵਾਇਆ ਹੈ, ਜਿਸ ਤੋਂ ਬਾਅਦ ਹਰਪਾਲ ਕੌਰ ਸ਼ੁਕਰਾਨਾ ਕਰਨ ਲਈ ਸ਼ਨੀਵਾਰ ਨੂੰ ਗੁਰੂ ਚਰਨਾਂ ਵਿਚ ਪਹੁੰਚੀ। ਉਨ੍ਹਾਂ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ।