ਅੰਮ੍ਰਿਤਸਰ, 11 ਜੁਲਾਈ 2022 – ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਮੁੜ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਲਾਰੈਂਸ ਦਾ ਟਰਾਂਜ਼ਿਟ ਰਿਮਾਂਡ ਹੁਸ਼ਿਆਰਪੁਰ ਪੁਲਿਸ ਨੇ ਹਾਸਲ ਕਰ ਲਿਆ ਹੈ। ਐਤਵਾਰ ਰਾਤ ਨੂੰ ਪੁਲਿਸ ਮੁਹਾਲੀ ਜ਼ਿਲ੍ਹੇ ਦੇ ਖਰੜ ਕਸਬੇ ਤੋਂ ਅੰਮ੍ਰਿਤਸਰ ਪਹੁੰਚੀ ਸੀ ਅਤੇ ਰਾਤ ਨੂੰ ਮਾਲ ਮੰਡੀ ਵਿਖੇ ਐਸ.ਐਸ.ਓ.ਸੀ. ‘ਚ ਰੱਖਿਆ ਗਿਆ ਸੀ।
ਅੰਮ੍ਰਿਤਸਰ ਤੋਂ ਇਲਾਵਾ ਇਸ ਵਾਰ ਸ੍ਰੀ ਮੁਕਤਸਰ ਸਾਹਿਬ ਅਤੇ ਹੁਸ਼ਿਆਰਪੁਰ ਦੀ ਪੁਲਿਸ ਵੀ ਲਾਰੈਂਸ ਦਾ ਰਿਮਾਂਡ ਲੈਣ ਲਈ ਪਹੁੰਚੀ ਸੀ। ਇਸ ਦੇ ਨਾਲ ਹੀ ਅੱਜ ਸਵੇਰੇ ਮੈਡੀਕਲ ਕਰਵਾਉਣ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਅਦਾਲਤ ਵਿਚ ਪੇਸ਼ੀ ਲਈ ਲਿਜਾਇਆ ਗਿਆ। ਅੰਮ੍ਰਿਤਸਰ ਪੁਲਿਸ ਨੇ ਵੀ ਲਾਰੈਂਸ ਦਾ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਵੀ ਕੀਤੀ।
ਪੁਲਿਸ ਉਸ ਤੋਂ 3 ਅਗਸਤ 2021 ਨੂੰ ਹੋਏ ਰਾਣਾ ਕੰਧੋਵਾਲੀਆ ਕਤਲ ਕੇਸ ਵਿੱਚ ਪੁੱਛਗਿੱਛ ਕਰਨਾ ਚਾਹੁੰਦੀ ਹੈ। ਪਹਿਲਾਂ ਅੰਮ੍ਰਿਤਸਰ ਪੁਲਿਸ ਨੇ 8 ਦਿਨ ਦਾ ਅਤੇ ਦੂਜਾ 5 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ। ਡੀਸੀਪੀ ਲਾਅ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਅੰਮ੍ਰਿਤਸਰ ਪੁਲੀਸ ਦੀ ਜਾਂਚ ਟੀਮ ਪੁੱਛ-ਪੜਤਾਲ ਵਿੱਚ ਲੱਗੀ ਹੋਈ ਹੈ, ਪਰ ਅੰਮ੍ਰਿਤਸਰ ਪੁਲੀਸ ਨੂੰ ਪੁੱਛ-ਪੜਤਾਲ ਦੌਰਾਨ ਕੀ ਪਤਾ ਲੱਗਾ ਅਤੇ ਹੁਣ ਤੱਕ ਕਿਹੜੇ ਸੁਰਾਗ ਮਿਲੇ ਹਨ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।
ਦੂਜੇ ਪਾਸੇ ਲਾਰੈਂਸ ਬਿਸ਼ਨੋਈ ਦੇ ਅੰਮ੍ਰਿਤਸਰ ਪਹੁੰਚਣ ਤੋਂ ਪਹਿਲਾਂ ਹੀ ਮਾਲ ਮੰਡੀ ਵਿਖੇ ਐਸਐਸਓਸੀ ਦੇ ਬਾਹਰ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਸੀ। ਸੀਸੀਟੀਵੀ ਵਾਲੀਆਂ ਵੈਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਮਾਂਡੋ ਵੀ ਤਾਇਨਾਤ ਕੀਤੇ ਗਏ ਹਨ ਤਾਂ ਜੋ ਸੁਰੱਖਿਆ ਵਿਚ ਕੋਈ ਕੁਤਾਹੀ ਨਾ ਹੋ ਸਕੇ।
ਡੀਸੀਪੀ ਭੰਡਾਲ ਦਾ ਕਹਿਣਾ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਲਾਰੈਂਸ ਨੂੰ ਖਰੜ ਵਿੱਚ ਰੱਖਿਆ ਜਾ ਰਿਹਾ ਹੈ ਪਰ ਰਾਣਾ ਕੰਧੋਵਾਲੀਆ ਕਤਲ ਕੇਸ ਵਿੱਚ ਪੁੱਛਗਿੱਛ ’ਤੇ ਖਰੜ ਲਿਜਾਣ ਨਾਲ ਕੋਈ ਅਸਰ ਨਹੀਂ ਪਿਆ। ਜਾਂਚ ਟੀਮ ਨੂੰ ਚੰਗੀ ਸਫਲਤਾ ਮਿਲੀ ਹੈ। ਸੋਮਵਾਰ ਸਵੇਰੇ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਟੀਮ ਰਾਣਾ ਕੰਧੋਵਾਲੀਆ ਕਤਲ ਕੇਸ ਵਿੱਚ ਮਿਲੀ ਲੀਡ ਬਾਰੇ ਵੀ ਗੱਲ ਕਰੇਗੀ।