ਲੁਧਿਆਣਾ, 12 ਜੁਲਾਈ 2022 – ਪੰਜਾਬ ਦੇ ਲੁਧਿਆਣਾ ਸ਼ਹਿਰ ‘ਚ ਆਮ ਆਦਮੀ ਪਾਰਟੀ ਦੀ ਵਿਧਾਇਕਾ ਰਜਿੰਦਰ ਪਾਲ ਕੌਰ ਛੀਨਾ ਦੇ ਘਰ ਦੇ ਬਾਹਰ ਰਾਤ ਸਮੇਂ ਕੁਝ ਲੋਕਾਂ ਨੇ ਧਰਨਾ ਦਿੱਤਾ। ਧਰਨੇ ਦਾ ਕਾਰਨ ਸੀ ਕੇ ਸਟਰੀਟ ਲਾਈਟਾਂ ਬੰਦ ਹਨ ਅਤੇ ਨਹੀਂ ਚਾਲ ਰਹੀਆਂ। ਬਿਜਲੀ ਨਾ ਹੋਣ ਦੇ ਰੋਸ ਵਜੋਂ ਇਲਾਕੇ ਦੇ ਕੁਝ ਲੋਕਾਂ ਨੇ ਵਿਧਾਇਕ ਦੀ ਕੋਠੀ ਦਾ ਘਿਰਾਓ ਕਰ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮਾਮਲੇ ‘ਚ ਦੋ ਦਿਨ ਬਾਅਦ ਪੁਲੀਸ ਨੇ ਵਿਧਾਇਕ ਦੀ ਸ਼ਿਕਾਇਤ ’ਤੇ 35 ਤੋਂ 40 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ।
ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਵਿਦੇਸ਼ ਤੋਂ ਆਇਆ ਹੈ। ਉਹ ਆਪਣੇ ਬੇਟੇ ਨਾਲ ਮਨਾਲੀ ਗਈ ਹੋਈ ਸੀ। ਘਰ ਵਿੱਚ ਸਿਰਫ਼ ਉਸਦਾ ਪਿਤਾ ਅਤੇ ਨੌਕਰ ਹੀ ਸਨ। ਜਦੋਂ ਗੁਆਂਢੀਆਂ ਦਾ ਫੋਨ ਆਇਆ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਘਰ ਦੇ ਬਾਹਰ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋ ਗਏ ਸਨ ਪਰ ਜਿਹੜੇ ਲੋਕ ਧਰਨਾ ਦੇਣ ਆਏ ਸਨ, ਉਹ ਧਰਨੇ ਵੱਜੋਂ ਨਹੀਂ ਸਗੋਂ ਸਾਜ਼ਿਸ਼ ਤਹਿਤ ਆਏ ਹਨ। ਪ੍ਰਦਰਸ਼ਨਕਾਰੀਆਂ ਵਿੱਚ ਕੁਝ ਲੋਕ ਅਜਿਹੇ ਵੀ ਸਨ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ।
ਛੀਨਾ ਨੇ ਦੱਸਿਆ ਕਿ ਨਸ਼ੇ ‘ਚ ਧੁੱਤ ਇਨ੍ਹਾਂ ਵਿਅਕਤੀਆਂ ਨੇ ਘਰ ਦੇ ਬਾਹਰ ਹੰਗਾਮਾ ਕਰ ਦਿੱਤਾ। ਜਿਥੋਂ ਤੱਕ ਇਲਾਕੇ ਵਿੱਚ ਬਿਜਲੀ ਨਾ ਹੋਣ ਕਾਰਨ ਇੱਕ ਵੱਡੀ ਸਾਜਿਸ਼ ਸਾਹਮਣੇ ਆਈ ਹੈ। ਛੀਨਾ ਮੁਤਾਬਕ ਉਨ੍ਹਾਂ ਦੇ ਘਰ ਦੇ ਬਾਹਰ ਧਰਨੇ ਦੀ ਆੜ ‘ਚ ਹੰਗਾਮਾ ਕਰਨ ਵਾਲਿਆਂ ਦੀ ਵੀਡੀਓਗ੍ਰਾਫੀ ਕੀਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਪ੍ਰਦਰਸ਼ਨਕਾਰੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੇ ਦੱਸਿਆ ਕਿ ਮਾਮਲੇ ਦੀ ਪੁਲਿਸ ਜਾਂਚ ਅਨੁਸਾਰ ਇਸ ਮਾਮਲੇ ਵਿੱਚ ਵਿਰੋਧੀ ਧਿਰ ਦੇ ਕੁਝ ਲੋਕ ਸ਼ਾਮਲ ਹਨ। ਇਨ੍ਹਾਂ ਲੋਕਾਂ ਨੇ ਵਟਸਐਪ ਗਰੁੱਪ ਬਣਾਇਆ ਹੋਇਆ ਸੀ। ਇਸ ਗਰੁੱਪ ਦਾ ਨਾਂ ਈਸ਼ਰ ਨਗਰ ਨਿਵਾਸੀ ਦੱਸਿਆ ਗਿਆ। ਉਸ ਗਰੁੱਪ ਦੇ ਸ਼ਰਾਰਤੀ ਅਨਸਰਾਂ ਨੇ ਗੱਲਬਾਤ ਕੀਤੀ ਅਤੇ ਲੋਕਾਂ ਨੂੰ ਭੜਕਾਇਆ ਅਤੇ ਕਿਹਾ ਕਿ ਸਾਰੇ ਰਿੰਕੂ ਦੀ ਦੁਕਾਨ ‘ਤੇ ਇਕੱਠੇ ਹੋ ਜਾਣ। ਇਸ ਗਰੁੱਪ ਵਿੱਚ MLA ਦੇ ਘਰ ਵੱਲ ਜਾ ਰਹੀ ਭੀੜ ਦੀ ਵੀਡੀਓ ਵੀ ਪਾਈ ਗਈ ਹੈ।
ਵਿਧਾਇਕ ਛੀਨਾ ਨੇ ਇਸ ਗਰੁੱਪ ਵਿੱਚ ਚਲਾਈਆਂ ਕੁਝ ਆਡੀਓ ਕਲਿੱਪ ਵੀ ਪੱਤਰਕਾਰਾਂ ਨਾਲ ਸਾਂਝੀਆਂ ਕੀਤੀਆਂ, ਜਿਸ ਵਿੱਚ ਇੱਕ ਵਿਅਕਤੀ ਇਲਾਕੇ ਦੀਆਂ ਸਟਰੀਟ ਲਾਈਟਾਂ ਬੰਦ ਕਰਨ ਦੀ ਗੱਲ ਕਹਿ ਰਿਹਾ ਹੈ। ਵਿਧਾਇਕ ਛੀਨਾ ਨੇ ਦੱਸਿਆ ਕਿ ਇਸ ਆਡੀਓ ਕਲਿੱਪ ਤੋਂ ਪਤਾ ਲੱਗਾ ਹੈ ਕਿ ਪਹਿਲਾਂ ਇਨ੍ਹਾਂ ਲੋਕਾਂ ਨੇ ਸਾਜ਼ਿਸ਼ ਰਚਦਿਆਂ ਖੁਦ ਹੀ ਲਾਈਟਾਂ ਬੰਦ ਕਰ ਦਿੱਤੀਆਂ। ਇਸ ਤੋਂ ਬਾਅਦ ਲੋਕਾਂ ਨੂੰ ਭੜਕਾਉਣ ਦੀ ਆੜ ਵਿੱਚ ਉਨ੍ਹਾਂ ਨੇ ਮੇਰੇ ਘਰ ਦੇ ਬਾਹਰ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ, ਜਦੋਂ ਕਿ ਧਾਰਨ ਲਾਉਣ ਵਾਲੀ ਕੋਈ ਗੱਲ ਨਹੀਂ ਸੀ।
ਵਿਧਾਇਕ ਛੀਨਾ ਨੇ ਕਿਹਾ ਕਿ ਜੇਕਰ ਕਿਸੇ ਵੀ ਨਿਵਾਸੀ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਉਨ੍ਹਾਂ ਦੀ ਸੇਵਾ ‘ਚ ਹਾਜ਼ਰ ਹਨ। ਲੋਕਾਂ ਦੇ ਕੰਮ ਪਹਿਲਕਦਮੀ ਦੇ ਆਧਾਰ ‘ਤੇ ਕੀਤੇ ਜਾਣਗੇ, ਪਰ ਹੁੱਲੜਬਾਜ਼ੀ ਕਰਕੇ ਮਾਹੌਲ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ |