- ਕਾਂਗਰਸ ਤੇ ਅਕਾਲੀਆਂ ਨੇ ਸੂਬੇ ਦੇ ਦਫ਼ਤਰ ਚੰਡੀਗੜ੍ਹ ਤੋਂ ਮੋਹਾਲੀ ਕੀਤੇ ਸਿਫਟ : ਮਲਵਿੰਦਰ ਸਿੰਘ ਕੰਗ
- ਬਾਦਲਾਂ ਨੇ ਚੰਡੀਗੜ੍ਹ ਤੋਂ ਪੰਜਾਬ ਦਾ ਅਧਿਕਾਰ ਕਮਜ਼ੋਰ ਕਰਨ ਲਈ ਕੀਤਾ ਕੰਮ
- ’ਆਪ’ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ, ਪੰਜਾਬ ਦੇ ਅਧਿਕਾਰਾਂ ਦਾ ਕਰੇ ਸਨਮਾਨ
- ਚੰਡੀਗੜ੍ਹ ਸਾਡਾ ਸੀ, ਸਾਡਾ ਹੈ ਸਾਡਾ ਹੀ ਰਹੇਗਾ : ਮਲਵਿੰਦਰ ਕੰਗ
ਚੰਡੀਗੜ੍ਹ, 12 ਜੁਲਾਈ 2022 – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਚੰਡੀਗੜ੍ਹ ਦੇ ਮੁੱਦੇ ਉਤੇ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਅਤੇ ਕੇਂਦਰ ਦੀ ਸੱਤਾ ਵਿੱਚ ਰਹਿੰਦੇ ਹੋਏ ਦੋਵੇਂ ਪਾਰਟੀਆਂ ਨੂੰ ਚੰਡੀਗੜ੍ਹ ਦੀ ਕਦੇ ਵੀ ਯਾਦ ਨਹੀਂ ਆਈ। ਜਦੋਂ ਸੱਤਾ ਵਿਚੋਂ ਬਾਹਰ ਹੋ ਜਾਂਦੇ ਹਨ ਤਾਂ ਚੰਡੀਗੜ੍ਹ ਤੇ ਪੰਜਾਬ ਦੇ ਹੋਰ ਮੁੱਦੇ ਇਨ੍ਹਾਂ ਨੂੰ ਯਾਦ ਆ ਜਾਂਦੇ ਹਨ।
ਮੰਗਲਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿੱਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਮਲਵਿੰਦਰ ਕੰਗ ਨੇ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਨੇ ਸੱਤਾ ਵਿੱਚ ਰਹਿੰਦੇ ਹੋਏ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਇਨ੍ਹਾਂ ਪਾਰਟੀਆਂ ਨੇ ਸੱਤਾ ਦੇ ਨਸ਼ੇ ਵਿੱਚ ਕਦੇ ਵੀ ਪੰਜਾਬ ਦੇ ਅਧਿਕਾਰਾਂ ਦਾ ਖਿਆਲ ਨਹੀਂ ਰੱਖਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਨੇ ਪੰਜਾਬ ਉਤੇ ਕਰੀਬ 20 ਸਾਲ ਅਤੇ 28 ਸਾਲ ਕਾਂਗਰਸ ਨੇ ਰਾਜ ਕੀਤਾ। ਇਨ੍ਹਾਂ ਕਦੇ ਵੀ ਸੱਤਾ ਵਿੱਚ ਰਹਿੰਦੇ ਹੋਏ ਚੰਡੀਗੜ੍ਹ ਦੀ ਗੱਲ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਹੈ ਅਤੇ ਹਮੇਸ਼ਾ ਰਹੇਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਬਣਾਉਣ ਲਈ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਚੰਡੀਗੜ੍ਹ ਉਤੇ ਪੰਜਾਬ ਦੇ ਹੱਕ ਦੀ ਲੜਾਈ ਨੂੰ ਹਰ ਪੱਧਰ ਉਤੇ ਲੜੇਗੀ। ਭਗਵੰਤ ਮਾਨ ਸਰਕਾਰ ਕਿਸੇ ਵੀ ਕੀਮਤ ਉਤੇ ਚੰਡੀਗੜ੍ਹ ਉਤੇ ਪੰਜਾਬ ਦੇ ਅਧਿਕਾਰ ਨੂੰ ਕਮਜੋਰ ਨਹੀਂ ਹੋਣ ਦੇਵੇਗੀ। ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਦੇ ਲੋਕਾਂ ਦੇ ਅਧਿਕਾਰਾਂ ਦਾ ਸਨਮਾਨ ਕਰੇ, ਨਾ ਕਿ ਚੰਡੀਗੜ੍ਹ ਦੇ ਮਸਲੇ ਨੂੰ ਹੋਰ ਵਧਾਵਾ ਦੇਵੇ।
ਕੰਗ ਨੇ ਵਿਰੋਧੀ ਪਾਰਟੀਆਂ ਉਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਉਹ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਉਤੇ ਪੰਜਾਬ ਦਾ ਹੱਕ ਕਮਜ਼ੋਰ ਕਰਨ ਦਾ ਦੋਸ਼ ਲਗਾ ਰਹੇ ਹਨ, ਪਰ ਖੁਦ ਇਨ੍ਹਾਂ ਅਕਾਲੀ ਤੇ ਕਾਂਗਰਸੀਆਂ ਨੇ ਪੰਜਾਬ ਦੇ ਅਧਿਕਾਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਦੇ ਸਰਕਾਰੀ ਦਫ਼ਤਰਾਂ ਨੂੰ ਬਾਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਚੰਡੀਗੜ੍ਹ ਤੋਂ ਮੋਹਾਲੀ ਸਿਫਟ ਕਿਉਂ ਕੀਤਾ? ਬਾਦਲ ਸਰਕਾਰ ਸਮੇਂ ਨਿਊ ਚੰਡੀਗੜ੍ਹ ਕਿਉਂ ਵਸਾਇਆ ਗਿਆ? ਦਰਅਸਲ, ਚੰਡੀਗੜ੍ਹ ਉਤੇ ਪੰਜਾਬ ਦਾ ਅਧਿਕਾਰ ਇਨ੍ਹਾਂ ਦੋਵੇਂ ਪਾਰਟੀਆਂ ਦੀਆਂ ਸਰਕਾਰਾਂ ਨੇ ਹੀ ਕਮਜ਼ੋਰ ਕੀਤਾ ਹੈ।
ਉਨ੍ਹਾਂ ਬਾਦਲ ਪਰਿਵਾਰ ਉਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਖੁਸ਼ ਕਰਨ ਲਈ ਕੰਮ ਕੀਤਾ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਚੰਡੀਗੜ੍ਹ ਦੇ ਨਜ਼ਦੀਕ ਜ਼ਮੀਨ ਖੁਦ ਖਰੀਦੀ ਅਤੇ ਫਿਰ ਉਸ ਜ਼ਮੀਨ ਨੂੰ ਮਹਿੰਗੇ ਭਾਅ ਉਤੇ ਵੇਚਿਆ। ਇਨ੍ਹਾਂ ਲੋਕਾਂ ਨੇ ਆਪਣੇ ਨਿੱਜੀ ਲਾਭ ਲਈ ਚੰਡੀਗੜ੍ਹ ਉਤੇ ਪੰਜਾਬ ਦਾ ਅਧਿਕਾਰ ਕਮਜ਼ੋਰ ਕੀਤਾ ਅਤੇ ਪੰਜਾਬ ਵਾਸੀਆਂ ਦੀਆਂ ਭਾਵਨਾਵਾਂ ਨਾਲ ਖੇਡੇ। ਇਸ ਮੌਕੇ ਮਲਵਿੰਦਰ ਕੰਗ ਨਾਲ ‘ਆਪ’ ਆਗੂ ਡਾ. ਸਨੀ ਸਿੰਘ ਆਹਲੂਵਾਲੀਆ ਅਤੇ ਜਗਤਾਰ ਸਿੰਘ ਸੰਘੇੜਾ ਵੀ ਹਾਜ਼ਰ ਸਨ।