ਲੁਧਿਆਣਾ, 13 ਜੁਲਾਈ 2022 – ਲੁਧਿਆਣਾ ਤੋਂ ਸਾਬਕਾ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਬੈਂਸ ‘ਤੇ ਆਤਮ ਸਮਰਪਣ ਕਰਨ ਤੋਂ ਅਗਲੇ ਦਿਨ ਹੀ ਥਾਣਾ ਸਰਾਭਾ ਨਗਰ ਦੀ ਪੁਲਿਸ ਵੱਲੋਂ 2018 ਦੇ ਇੱਕ ਮਾਮਲੇ ‘ਚ 174-ਏ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਸੁਮਿਤ ਮੱਕੜ ਦੇ ਹੁਕਮਾਂ ‘ਤੇ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਧਾਰਾ 174ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 52 ਸਾਲਾ ਸਿਮਰਜੀਤ ਸਿੰਘ ਬੈਂਸ ਅਤੇ ਉਸ ਦੇ ਸਮਰਥਕਾਂ ਵਿਰੁੱਧ 12 ਜੂਨ 2018 ਨੂੰ ਵੇਰਕਾ ਮਿਲਕ ਪਲਾਂਟ ਵਿਚ ਅਣਅਧਿਕਾਰਤ ਤੌਰ ‘ਤੇ ਦਾਖਲ ਹੋਣ, ਕਰਮਚਾਰੀਆਂ ਨਾਲ ਦੁਰਵਿਵਹਾਰ ਕਰਨ ਆਦਿ ਸਬੰਧੀ ਸਰਾਭਾ ਨਗਰ ਥਾਣਾ ਸਰਾਭਾ ਨਗਰ ਵਿਖੇ ਧਾਰਾ 353,186, 451, 149 ਅਤੇ 506 ਤਹਿਤ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ‘ਤੇ ਹੁਣ ਮਾਮਲਾ ਰਜਿਸਟਰ ਕੀਤਾ ਗਿਆ ਹੈ।
ਵੇਰਕਾ ਮਿਲਕ ਪਲਾਂਟ ਦੇ ਜਨਰਲ ਮੈਨੇਜਰ ਹਰਮਿੰਦਰ ਸਿੰਘ ਸੰਧੂ ਨੇ ਸਿਮਰਜੀਤ ਬੈਂਸ ਅਤੇ ਉਸ ਦੇ ਸਮਰਥਕਾਂ ਖ਼ਿਲਾਫ਼ ਥਾਣਾ ਸਦਰ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਬੈਂਸ ‘ਤੇ ਘੱਟ ਫੈਟ ਅਤੇ ਸਾਲਿਡ ਨਾਨ ਫੈਟ (SNF) ਦੁੱਧ ਦੀ ਸਪਲਾਈ ਕਰਨ ਦਾ ਦੋਸ਼ ਲਗਾਉਂਦੇ ਹੋਏ ਬੈਂਸ ਨੇ ਫਿਰੋਜ਼ਪੁਰ ਰੋਡ ‘ਤੇ ਸਥਿਤ ਵੇਰਕਾ ਮਿਲਕ ਪਲਾਂਟ ਦਾ ਅਚਨਚੇਤ ਨਿਰੀਖਣ ਕੀਤਾ ਸੀ।
ਬੈਂਸ ਨੇ ਸੂਬੇ ਭਰ ਵਿੱਚ ਵੇਰਕਾ ਵੱਲੋਂ ਦੁੱਧ ਦੀ ਸਪਲਾਈ ਵਿੱਚ 200 ਕਰੋੜ ਰੁਪਏ ਦੇ ਸਾਲਾਨਾ ਘਪਲੇ ਦੇ ਦੋਸ਼ ਲਾਏ ਸਨ। ਦੂਜੇ ਪਾਸੇ ਸੰਧੂ ਨੇ ਦੋਸ਼ ਲਾਇਆ ਸੀ ਕਿ ਬੈਂਸ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਪਲਾਂਟ ਵਿੱਚ ਅਣਅਧਿਕਾਰਤ ਤੌਰ ‘ਤੇ ਦਾਖਲਾ ਲਿਆ ਸੀ ਅਤੇ ਦੁੱਧ ਦੇ ਸੈਂਪਲਾਂ ਦੀ ਜਾਂਚ ਲਈ ਵੀ ਕੋਈ ਪ੍ਰਕਿਰਿਆ ਨਹੀਂ ਅਪਣਾਈ।
ਬੈਂਸ ਇਸ ਮਾਮਲੇ ਵਿੱਚ ਅਦਾਲਤੀ ਸੰਮਨਾਂ ਨੂੰ ਨਜ਼ਰਅੰਦਾਜ਼ ਕਰ ਕੇ ਸੁਣਵਾਈ ਤੋਂ ਟਾਲਾ ਵੱਟ ਰਹੇ ਸਨ। ਅਦਾਲਤ ਨੇ ਉਸ ਨੂੰ ਇਸ ਮਾਮਲੇ ਵਿੱਚ ਪਹਿਲਾਂ ਹੀ ਭਗੌੜਾ ਕਰਾਰ ਦੇ ਦਿੱਤਾ ਸੀ। ਬੈਂਸ ਨੇ ਆਪਣੇ ਚਾਰ ਸਾਥੀਆਂ ਸਮੇਤ 10 ਜੁਲਾਈ ਨੂੰ ਬਲਾਤਕਾਰ ਦੇ ਇੱਕ ਕੇਸ ਵਿੱਚ ਲੁਧਿਆਣਾ ਦੀ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਸੀ। ਇਸ ਤੋਂ ਬਾਅਦ ਥਾਣਾ ਸਰਾਭਾ ਨਗਰ ਦੀ ਪੁਲਸ ਵੀ ਹਰਕਤ ‘ਚ ਆਈ ਅਤੇ ਬੈਂਸ ਖਿਲਾਫ 174-ਏ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।