ਅੰਮ੍ਰਿਤਸਰ, 13 ਜੁਲਾਈ 2022 – ਭਾਰਤ ਨੇ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਰਿਹਾਅ ਕਰ ਦਿੱਤਾ ਹੈ। ਦੋਵਾਂ ਦੀ ਉਮਰ 70 ਸਾਲ ਹੈ। ਰਿਹਾਅ ਕੀਤੇ ਗਏ ਪਾਕਿਸਤਾਨੀ ਨਾਗਰਿਕਾਂ ਵਿੱਚ ਲਾਹੌਰ ਦਾ ਰਹਿਣ ਵਾਲਾ ਸ਼ਾਹ ਨਵਾਜ਼ ਖਾਨ ਅਤੇ ਸਿੰਧ ਸੂਬੇ ਦਾ ਰਹਿਣ ਵਾਲਾ ਖੁਦਾਬਾਈ ਸ਼ਾਮਲ ਹੈ। ਬੁੱਧਵਾਰ ਨੂੰ ਐਸਐਸਪੀ ਦੇਹਾਤੀ ਸਵਰਨਦੀਪ ਸਿੰਘ ਦੇ ਨਿਰਦੇਸ਼ਾਂ ‘ਤੇ ਪ੍ਰੋਟੋਕੋਲ ਅਫਸਰ ਅਰੁਣ ਪਾਲ ਸਿੰਘ ਉਨ੍ਹਾਂ ਨੂੰ ਸਖ਼ਤ ਸੁਰੱਖਿਆ ਵਿਚਕਾਰ ਅੰਤਰਰਾਸ਼ਟਰੀ ਅਟਾਰੀ ਸਰਹੱਦ ‘ਤੇ ਲੈ ਗਏ। ਇਸ ਤੋਂ ਬਾਅਦ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਦੋਵਾਂ ਨੂੰ ਪਾਕਿਸਤਾਨ ਭੇਜ ਦਿੱਤਾ ਗਿਆ।
ਦਰਅਸਲ, ਸ਼ੇਰ ਮੁਹੰਮਦ ਖਾਨ ਸਾਲ 2005 ਵਿੱਚ ਲਾਹੌਰ ਤੋਂ ਦਿੱਲੀ ਆਇਆ ਸੀ। ਇੱਥੋਂ ਉਹ ਜੈਪੁਰ ਚਲਾ ਗਿਆ। ਉਸ ਕੋਲ ਦਿੱਲੀ ਦਾ ਵੀਜ਼ਾ ਸੀ, ਪਰ ਉਹ ਜੈਪੁਰ ਚਲਾ ਗਿਆ। ਅਜਿਹੇ ‘ਚ ਜੈਪੁਰ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਅਦਾਲਤ ‘ਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ ਪੰਦਰਾਂ ਸਾਲ ਦੀ ਸਜ਼ਾ ਸੁਣਾਈ। ਉਸਨੇ ਜੈਪੁਰ ਵਿੱਚ ਤਿੰਨ ਸਾਲ ਬਿਤਾਏ, ਜਦੋਂ ਕਿ ਬਾਰਾਂ ਸਾਲ ਜੋਧਪੁਰ ਜੇਲ੍ਹ ਵਿੱਚ। ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ।
ਖੁਦਾਬਾਈ 2015 ਵਿੱਚ ਗੁਜਰਾਤ ਦੇ ਪਾਟਿਲ ਜ਼ਿਲ੍ਹੇ ਨਾਲ ਲੱਗਦੀ ਪਾਕਿਸਤਾਨੀ ਸਰਹੱਦ ਤੋਂ ਭਾਰਤ ਵਿੱਚ ਦਾਖ਼ਲ ਹੋਈ ਸੀ। ਉਸ ਨੂੰ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਲਈ ਛੇ ਸਾਲ ਦੀ ਸਜ਼ਾ ਸੁਣਾਈ ਗਈ ਸੀ। ਸਜ਼ਾ ਪੂਰੀ ਹੋਣ ਤੋਂ ਬਾਅਦ ਗੁਜਰਾਤ ਪੁਲਿਸ ਉਸ ਨੂੰ ਅੰਮ੍ਰਿਤਸਰ ਲੈ ਗਈ। ਇੱਥੇ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਵੀ ਕਰ ਦਿੱਤਾ ਗਿਆ।