- 2 ਨੌਜਵਾਨਾਂ ਨੂੰ ਸਰਕਾਰੀ ਕੁਆਰਟਰਾਂ ‘ਚ ਲਿਜਾ ਕੇ ਪੁਲਿਸ ਨੇ ਦਿੱਤੀ ਥਰਡ ਡਿਗਰੀ
- ਪਾੜੇ ਕੰਨ ਦੇ ਪਰਦੇ, 3 ASI ਮੁਅੱਤਲ, ਪੁੱਛਗਿੱਛ ਲਈ ਚੁੱਕਿਆ ਸੀ
ਗੁਰਦਾਸਪੁਰ, 16 ਜੁਲਾਈ 2022 – ਪੁੱਛ-ਪੜਤਾਲ ਦੇ ਨਾਂ ‘ਤੇ ਪੁਲਸ ਨੇ ਦੋ ਨੌਜਵਾਨਾਂ ਨੂੰ ਚੁੱਕ ਕੇ ਥਾਣੇ ਲਿਜਾਣ ਦੀ ਬਜਾਏ ਸਰਕਾਰੀ ਕੁਆਰਟਰ ‘ਚ ਲੈ ਜਾ ਕੇ ਥਰਡ ਡਿਗਰੀ ਦੇਣ ਦੇ ਗੁਰਦਾਸਪੁਰ ਪੁਲਿਸ ‘ਤੇ ਦੋਸ਼ ਲੱਗੇ ਹਨ। ਥਾਣਾ ਸਿਟੀ ਗੁਰਦਾਸਪੁਰ ਦੇ ਪੁਲਿਸ ਅਧਿਕਾਰੀਆਂ ਤੇ ਦੋ ਨੌਜਵਾਨਾਂ ਨੇ ਬੁਰੀ ਤਰ੍ਹਾਂ ਮਾਰ ਕੁਟਾਈ ਕਰਨ ਦੇ ਦੋਸ਼ ਲਗਾਏ ਹਨ।
ਨੌਜਵਾਨਾਂ ਦੀ ਇੰਨੀ ਬੁਰੀ ਤਰਾਂ ਮਾਰਕੁਟਾਈ ਕੀਤੀ ਗਈ ਹੈ ਕਿ ਇੱਕ ਦੇ ਤਾਂ ਕੰਨ ਦਾ ਪਰਦੇ ਪਾਟ ਗਏ ਹਨ ਤੇ ਉਸ ਦੇ ਹੱਥ ਦੀ ਹੱਡੀ ਵੀ ਟੁੱਟ ਗਈ ਹੈ ਜਦਕਿ ਦੂਸਰੇ ਦੇ ਸ਼ਰੀਰ ਤੇ ਵੀ ਇਸ ਮਾਰਕੁਟਾਈ ਦੇ ਨਿਸ਼ਾਨ ਸਾਫ ਦਿਖ ਰਹੇ ਹਨ। ਹਾਲਾਂਕਿ ਇਨ੍ਹਾਂ ਨੌਜਵਾਨਾਂ ਉੱਪਰ ਨਾ ਤਾਂ ਕੋਈ ਮਾਮਲਾ ਦਰਜ ਹੈ ਅਤੇ ਨਾ ਹੀ ਇਨ੍ਹਾਂ ਦਾ ਕੋਈ ਪਿੱਛਲਾ ਅਪਰਾਧਿਕ ਰਿਕਾਰਡ ਹੈ। ਦੋਵਾਂ ਨੌਜਵਾਨਾਂ ਨੂੰ ਰਿਸ਼ਤੇਦਾਰਾਂ ਨੇ ਹਸਪਤਾਲ ਦਾਖਲ ਕਰਵਾਇਆ ਹੈ।
ਪਰ ਮਾਮਲੇ ਵਿੱਚ ਮੁਲਜ਼ਮ ਦੱਸੇ ਜਾ ਰਹੇ ਪੁਲਸ ਅਧਿਕਾਰੀਆਂ ਅਨੁਸਾਰ ਦੋ ਨੌਜਵਾਨਾਂ ਤੇ ਜਾਨਲੇਵਾ ਹਮਲਾ ਕਰਨ ਦੇ ਫਰਾਰ ਮੁਲਜ਼ਮਾਂ ਨਾਲ ਇਨ੍ਹਾਂ ਦੇ ਸੰਪਰਕ ਹਨ, ਜਿਸ ਦੀ ਪੁੱਛ-ਗਿੱਛ ਲਈ ਇਨ੍ਹਾਂ ਨੂੰ ਥਾਣੇ ਲਿਆਂਦਾ ਗਿਆ ਸੀ ਪਰ ਥੋੜੀ ਦੇਰ ਬਾਅਦ ਇਨ੍ਹਾਂ ਨੂੰ ਛੱਡ ਦਿੱਤਾ ਗਿਆ ਸੀ। ਪੁਲੀਸ ਅਧਿਕਾਰੀਆਂ ਨੇ ਨੌਜਵਾਨਾਂ ਦੀ ਮਾਰਕੁਟਾਈ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਇਹ ਸੱਟਾਂ ਇਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਬਦਨਾਮ ਕਰਨ ਲਈ ਆਪ ਲਗਾਈਆਂ ਹਨ।
ਜ਼ਖ਼ਮੀ ਨੌਜਵਾਨਾਂ ਦੀ ਪਛਾਣ ਮੁਕੇਸ਼ ਮਹਾਜਨ ਵਾਸੀ ਬਹਿਰਾਮਪੁਰ ਰੋਡ ਅਤੇ ਕੌਸ਼ਲ ਵਾਸੀ ਬਾਜਵਾ ਕਲੋਨੀ ਸੰਤ ਨਗਰ ਵਜੋਂ ਹੋਈ ਹੈ। ਦੋਵਾਂ ਨੌਜਵਾਨਾਂ ਨੇ ਥਾਣਾ ਸਦਰ ਦੇ ਇੰਚਾਰਜ ‘ਤੇ ਕੁੱਟਮਾਰ ਦੇ ਦੋਸ਼ ਲਾਏ ਹਨ। ਦੋਵਾਂ ਨੌਜਵਾਨਾਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਰਾਤ ਨੂੰ ਥਾਣੇ ਦੇ ਬਾਹਰ ਧਰਨਾ ਦੇਣ ਦੇ ਦੋਸ਼ਾਂ ਤੋਂ ਬਾਅਦ ਡੀਐਸਪੀ ਨੇ ਤਿੰਨ ਏਐਸਆਈ (ਸਤਪਾਲ, ਕਸ਼ਮੀਰ ਸਿੰਘ ਅਤੇ ਹਰਜੀਤ ਸਿੰਘ) ਨੂੰ ਮੁਅੱਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਥਾਣਾ ਇੰਚਾਰਜ ਦਾ ਮੋਬਾਈਲ ਵੀ ਸਾਰਾ ਦਿਨ ਬੰਦ ਰਿਹਾ ਅਤੇ ਉਨ੍ਹਾਂ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਥਾਣਾ ਇੰਚਾਰਜ ਛੁੱਟੀ ‘ਤੇ ਹਨ। ਡੀਐਸਪੀ ਸਿਟੀ ਰਿਪੁਤਪਨ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਤਿੰਨ ਏਐਸਆਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਹੋ ਰਹੀ ਹੈ ਅਤੇ ਜੇਕਰ ਕੋਈ ਪੁਲਿਸ ਅਧਿਕਾਰੀ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸਿਵਲ ਹਸਪਤਾਲ ‘ਚ ਦਾਖਲ ਮੁਕੇਸ਼ ਨੇ ਦੱਸਿਆ ਕਿ ਮੈਂ ਬੁੱਧਵਾਰ ਸ਼ਾਮ ਕਰੀਬ 7 ਵਜੇ ਆਪਣੀ ਦੁਕਾਨ ‘ਤੇ ਸੀ। ਇਸ ਦੌਰਾਨ 3 ਪੁਲਿਸ ਮੁਲਾਜ਼ਮ ਇੱਕ ਕਾਰ ਵਿੱਚ ਆਏ ਅਤੇ ਮੈਨੂੰ ਆਪਣੇ ਨਾਲ ਲੈ ਗਏ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਮੁਲਾਜ਼ਮਾਂ ਵੱਲੋਂ ਸਰਕਾਰੀ ਕੁਆਰਟਰਾਂ ਵਿੱਚ ਲਿਜਾ ਕੇ ਕੁੱਟਮਾਰ ਕੀਤੀ ਗਈ। ਮੈਂ ਪੁੱਛਿਆ ਤੁਸੀਂ ਮੈਨੂੰ ਕਿਉਂ ਕੁੱਟ ਰਹੇ ਹੋ। ਇਸ ‘ਤੇ ਕਿਸੇ ਨੇ ਕਰਨ ਦਾ ਨਾਂ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਉਹ ਕਿੱਥੇ ਹੈ। ਉਸ ਖਿਲਾਫ 307 ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਦੋਂ ਮੈਂ ਕਿਹਾ – ਮੈਂ ਕਰਨ ਨੂੰ ਨਹੀਂ ਜਾਣਦਾ, ਉਹ ਮੈਨੂੰ ਅੱਧੇ ਘੰਟੇ ਤੱਕ ਕੁੱਟਦੇ ਰਹੇ ਅਤੇ ਕੰਨ ਦਾ ਪਰਦਾ ਫਟ ਗਿਆ ਸੀ।
ਹਸਪਤਾਲ ਵਿੱਚ ਭਰਤੀ ਕੌਸ਼ਲ ਨੇ ਵੀ ਦੱਸਿਆ ਕੇ ਉਹ ਦੋਸਤ ਦੇ ਘਰ ਬੈਠਾ ਸੀ। ਉਥੋਂ ਪੁਲਿਸ ਅਧਿਕਾਰੀ ਮੈਨੂੰ ਸਰਕਾਰੀ ਕੁਆਰਟਰ ਵਿਚ ਲੈ ਗਏ ਅਤੇ ਮੇਰੇ ਨਾਲ ਕੁੱਟਮਾਰ ਕੀਤੀ। ਉਹ ਕਿਸੇ ਕਰਨ ਬਾਰੇ ਪੁੱਛ-ਪੜਤਾਲ ਕਰ ਰਿਹਾ ਸੀ। ਮੈਂ ਕਿਹਾ ਕਿ ਜੇਕਰ ਮੈਂ ਕਿਸੇ ਕਰਨ ਨੂੰ ਨਹੀਂ ਜਾਣਦਾ ਤਾਂ ਉਹਨਾਂ ਮੇਰੇ ਨਾਲ ਕੁੱਟਮਾਰ ਕੀਤੀ।