- 3 ਸ਼ਾਰਪ ਸ਼ੂਟਰ ਬਣੇ ਪੰਜਾਬ ਅਤੇ ਦਿੱਲੀ ਪੁਲਿਸ ਲਈ ਚੁਣੌਤੀ
ਮਾਨਸਾ, 17 ਜੁਲਾਈ 2022 – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਨ ਵਾਲੇ ਸ਼ਾਰਪਸ਼ੂਟਰ ਪ੍ਰਿਆਵਰਤ ਫੌਜੀ ਅਤੇ ਕਸ਼ਿਸ਼ ਮਾਨਸਾ ਦੀ ਅਦਾਲਤ ‘ਚ ਪੇਸ਼ ਕੀਤੇ ਜਾਣਗੇ। ਉਨ੍ਹਾਂ ਦੇ ਨਾਲ ਕੇਸ਼ਵ ਅਤੇ ਦੀਪਕ ਨੂੰ ਵੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੰਜਾਬ ਪੁਲਿਸ ਉਨ੍ਹਾਂ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਲੈ ਕੇ ਆਈ ਹੈ। ਪੁਲੀਸ ਇਨ੍ਹਾਂ ਨੂੰ ਤੀਜੀ ਵਾਰ ਰਿਮਾਂਡ ’ਤੇ ਲੈਣ ਦੀ ਕੋਸ਼ਿਸ਼ ਕਰੇਗੀ।
ਮੂਸੇਵਾਲਾ ਮਨਪ੍ਰੀਤ ਮਨੂੰ ਕੁੱਸਾ, ਜਗਰੂਪ ਰੂਪਾ ਅਤੇ ਦੀਪਕ ਮੁੰਡੀ ਦੀ ਹੱਤਿਆ ਕਰਨ ਵਾਲੇ ਤਿੰਨ ਸ਼ਾਰਪ ਸ਼ੂਟਰ 2 ਰਾਜਾਂ ਦੀ ਪੁਲਿਸ ਲਈ ਚੁਣੌਤੀ ਬਣੇ ਹੋਏ ਹਨ। ਪੰਜਾਬ ਅਤੇ ਦਿੱਲੀ ਦੀ ਪੁਲਿਸ ਇਨ੍ਹਾਂ ਦੀ ਭਾਲ ਕਰ ਰਹੀ ਹੈ। ਪੰਜਾਬ ਪੁਲਿਸ ਇਸ ਤੋਂ ਪਹਿਲਾਂ ਕਿਸੇ ਵੀ ਸ਼ਾਰਪ ਸ਼ੂਟਰ ਨੂੰ ਨਹੀਂ ਫੜ ਸਕੀ। ਦਿੱਲੀ ਪੁਲਸ ਨੇ ਫੌਜੀ, ਕਸ਼ਿਸ਼ ਅਤੇ ਅੰਕਿਤ ਸੇਰਸਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਦੇ ਨਾਲ ਹੀ ਮੂਸੇਵਾਲਾ ਵੱਲੋਂ ਆਪਣੀ ਜਾਨ ਬਚਾਉਣ ਲਈ 2 ਕਰੋੜ ਦੀ ਪੇਸ਼ਕਸ਼ ਦੇ ਦਾਅਵੇ ਨੂੰ ਦਿੱਲੀ ਪੁਲਿਸ ਨੇ ਝੂਠਾ ਕਰਾਰ ਦਿੱਤਾ ਹੈ। ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਨੇ ਦੋ ਦਿਨ ਪਹਿਲਾਂ ਵੀਡੀਓ ਜਾਰੀ ਕਰਕੇ ਇਹ ਦਾਅਵਾ ਕੀਤਾ ਸੀ। ਦਿੱਲੀ ਪੁਲਿਸ ਦੇ ਵਿਸ਼ੇਸ਼ ਪੁਲਿਸ ਕਮਿਸ਼ਨਰ ਐਚਜੀਐਸ ਧਾਲੀਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪੁੱਛਗਿੱਛ ਦੌਰਾਨ ਅਜਿਹਾ ਕੁਝ ਸਾਹਮਣੇ ਨਹੀਂ ਆਇਆ।
ਗੋਲਡੀ ਬਰਾੜ ਨੇ ਦੋ ਦਿਨ ਪਹਿਲਾਂ ਵੀਡੀਓ ਜਾਰੀ ਕਰਕੇ ਮੂਸੇਵਾਲਾ ਦੇ ਕਤਲ ਨੂੰ ਜਾਇਜ਼ ਠਹਿਰਾਉਣ ਲਈ ਕਈ ਦੋਸ਼ ਲਾਏ ਸਨ। ਉਸ ਨੇ ਹਮਦਰਦੀ ਹਾਸਲ ਕਰਨ ਦੇ ਨਾਲ-ਨਾਲ ਪੰਥਕ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਸੋਸ਼ਲ ਮੀਡੀਆ ‘ਤੇ ਲੋਕ ਉਸ ਦੇ ਮਾਸਕ ਪਹਿਨਣ ‘ਤੇ ਸਵਾਲ ਉਠਾ ਰਹੇ ਹਨ।
ਮੂਸੇਵਾਲਾ ਕਤਲ ਕਾਂਡ ਵਿੱਚ ਲਾਰੈਂਸ ਦੇ ਨਕੇਲ ਕੱਸਣ ਨਾਲ ਉਸ ਦਾ ਗੈਂਗ ਭੜਕ ਉੱਠਿਆ ਹੈ। ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਪੁਲਿਸ ਉਸ ਨੂੰ ਪੰਜਾਬ ਦੇ ਹੋਰ ਮਾਮਲਿਆਂ ਵਿੱਚ ਗ੍ਰਿਫਤਾਰ ਕਰ ਰਹੀ ਹੈ। ਇਹੀ ਵਜ੍ਹਾ ਹੈ ਕਿ ਗੈਂਗਸਟਰ ਗੋਲਡੀ ਬਰਾੜ ਨੂੰ ਵੀਡੀਓ ਜਾਰੀ ਕਰਨੀ ਪਈ। ਸੂਤਰਾਂ ਮੁਤਾਬਕ ਲਾਰੈਂਸ ਗੈਂਗ ਨੂੰ ਮੂਸੇਵਾਲਾ ਦੇ ਕਤਲ ਵਿਰੁੱਧ ਇੰਨੇ ਵਿਰੋਧ ਦੀ ਉਮੀਦ ਨਹੀਂ ਸੀ। ਪਰ ਪੰਜਾਬ ਹੀ ਨਹੀਂ ਦੇਸ਼-ਵਿਦੇਸ਼ ਤੋਂ ਵੀ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਉੱਠ ਰਹੀ ਹੈ। ਜਿਸ ਤੋਂ ਬਾਅਦ ਪੁਲਿਸ ‘ਤੇ ਕਾਫੀ ਦਬਾਅ ਹੈ। ਇਸ ਕਾਰਨ ਮੂਸੇਵਾਲਾ ‘ਤੇ ਗਲਤ ਦੋਸ਼ ਲਗਾਏ ਜਾ ਰਹੇ ਹਨ।