ਅੰਮ੍ਰਿਤਸਰ, 20 ਜੁਲਾਈ 2022 – ਸਿੰਗਰ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਸ਼ਾਰਪ ਸ਼ੂਟਰਾਂ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ ਘੇਰ ਲਿਆ ਹੈ। ਅਟਾਰੀ ਸਰਹੱਦ ਤੋਂ 10 ਕਿ.ਮੀ. ਦੂਰ-ਦੁਰਾਡੇ ਹੁਸ਼ਿਆਰ ਨਗਰ ‘ਚ ਪਿਛਲੇ 4 ਘੰਟੇ ਤੋਂ ਮੁਕਾਬਲਾ ਚੱਲ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਇੱਕ ਗੈਂਗਸਟਰ ਨੂੰ ਮਾਰ ਦਿੱਤਾ ਹੈ। 3 ਪੁਲਸ ਕਰਮਚਾਰੀ ਵੀ ਜ਼ਖਮੀ ਹੋਏ ਹਨ।
ਗੈਂਗਸਟਰਾਂ ਵੱਲੋਂ ਏਕੇ-47 ਨਾਲ ਪੁਲਿਸ ‘ਤੇ ਫਾਇਰਿੰਗ ਕੀਤੀ ਜਾ ਰਹੀ ਹੈ। ਦੋਵਾਂ ਪਾਸਿਆਂ ਤੋਂ ਫਾਇਰਿੰਗ ਅਜੇ ਵੀ ਜਾਰੀ ਹੈ। ਫਾਇਰਿੰਗ ਦੀ ਕਵਰੇਜ ਦੌਰਾਨ ਏਬੀਪੀ ਸਾਂਝਾ ਦੇ ਕੈਮਰਾਮੈਨ ਦੀ ਸੱਜੀ ਲੱਤ ‘ਚ ਗੋਲੀ ਦਾ ਛਰਾ ਵੱਜਾ ਹੈ, ਜਿਸ ‘ਚ ਉਹ ਜ਼ਖਮੀ ਹੋ ਗਿਆ ਹੈ। ਉਸਨੂੰ ਹਸਪਤਾਲ ਲਜਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਹਦਾਇਤ ਕੀਤੀ ਜਾ ਰਹੀ ਹੈ।
ਇਸ ਸੰਬੰਧੀ ਮੌਕੇ ‘ਤੇ ਮੌਜੂਦ SHO ਸੁਖਬੀਰ ਸਿੰਘ ਨੇ ਦੱਸਿਆ ਕਿ ਮੁਕਾਬਲਾ ਜਾਰੀ ਹੈ, ਪਰ ਮੁਲਜ਼ਮ ਗੈਂਗਸਟਰ ਹਨ ਜਾਂ ਖਾੜਕੂ, ਅਜੇ ਸਪੱਸ਼ਟ ਨਹੀਂ ਹੈ ਅਤੇ ਪੂਰੀ ਕਰਵਾਈ ਤੋਂ ਬਾਅਦ ਹੀ ਪਤਾ ਲੱਗੇਗਾ।
3 ਵਿੱਚੋਂ 2 ਗੈਂਗਸਟਰ ਮਨਪ੍ਰੀਤ ਮੰਨੂ ਕੁੱਸਾ ਅਤੇ ਜਗਰੂਪ ਰੂਪਾ ਹਨ। ਤੀਜੇ ਗੈਂਗਸਟਰ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਅਜੇ ਤੱਕ ਇਹ ਵੀ ਪਤਾ ਨਹੀਂ ਲੱਗ ਸਕਿਆ ਹੈ ਕਿ ਗੈਂਗਸਟਰ ਕਿਸ ਨੇ ਮਾਰਿਆ ਹੈ। ਐਂਟੀ ਗੈਂਗਸਟਰ ਟਾਸਕ ਫੋਰਸ, ਸਪੈਸ਼ਲ ਆਪ੍ਰੇਸ਼ਨ ਸੈੱਲ, ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਤੋਂ ਇਲਾਵਾ ਅੰਮ੍ਰਿਤਸਰ ਪੁਲਸ ਨੇ ਇਨ੍ਹਾਂ ਨੂੰ ਘੇਰ ਲਿਆ ਹੈ। ਪੁਲਿਸ ਦੀ ਬੈਸਟ ਸ਼ੂਟਰ ਅਤੇ ਕਵਿੱਕ ਰਿਐਕਸ਼ਨ ਟੀਮ ਵੀ ਮੌਕੇ ‘ਤੇ ਮੌਜੂਦ ਹੈ।