- ਦੁਬਈ ਤੋਂ ਬੈਗ ‘ਚ ਲੁਕੋ ਕੇ ਲਿਆਇਆ ਸੀ, ਕਸਟਮ ਚੈਕਿੰਗ ‘ਚ ਫੜਿਆ ਗਿਆ
ਅੰਮ੍ਰਿਤਸਰ, 21 ਜੁਲਾਈ 2022 – ਦੁਬਈ ਤੋਂ ਭਾਰਤ ਵਿੱਚ ਸੋਨੇ ਦੀ ਤਸਕਰੀ ਦੀ ਖੇਡ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦੇ ਤਹਿਤ ਅੰਮ੍ਰਿਤਸਰ ਕਸਟਮ ਵਿਭਾਗ ਨੂੰ ਇੱਕ ਹੋਰ ਵੱਡੀ ਸਫਲਤਾ ਮਿਲੀ ਹੈ। ਕਸਟਮ ਵਿਭਾਗ ਨੇ ਬੁੱਧਵਾਰ ਨੂੰ ਇਕ ਯਾਤਰੀ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਕੋਲੋਂ 49.27 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ। ਯਾਤਰੀ ਇਹ ਸੋਨਾ ਦੁਬਈ ਤੋਂ ਲਿਆਇਆ ਸੀ ਅਤੇ ਆਪਣੇ ਬੈਗ ਵਿੱਚ ਛੁਪਾ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਸੋਨਾ ਜ਼ਬਤ ਕਰਕੇ ਕਸਟਮ ਵਿਭਾਗ ਨੇ ਮੁਲਜ਼ਮਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਕਸਟਮ ਅਧਿਕਾਰੀਆਂ ਨੇ ਦੱਸਿਆ ਕਿ ਦੁਬਈ ਤੋਂ ਅੰਮ੍ਰਿਤਸਰ ਪਹੁੰਚੀ ਸਪਾਈਸ ਜੈੱਟ ਦੀ ਫਲਾਈਟ ਨੰਬਰ ਐਸਜੀ 56 ‘ਤੇ ਉਤਰੇ ਇਕ ਯਾਤਰੀ ਦੇ ਸਮਾਨ ਦੀ ਐਕਸਰੇ ਚੈਕਿੰਗ ਦੌਰਾਨ ਕੁਝ ਸ਼ੱਕੀ ਪਾਇਆ ਗਿਆ। ਯਾਤਰੀ ਦਾ ਸਾਮਾਨ ਵੱਖ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਬੈਗ ‘ਚ ਸਾਮਾਨ ਵਿਚਕਾਰ ਲੁਕੋ ਕੇ ਰੱਖੇ 8 ਸੋਨੇ ਦੇ ਬਿਸਕੁਟ ਮਿਲੇ ਹਨ। ਪੁਲਸ ਨੇ ਤੁਰੰਤ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ।
ਕਸਟਮ ਵਿਭਾਗ ਨੇ 8 ਬਿਸਕੁਟ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂ ਜ਼ਬਤ ਕੀਤੇ ਗਏ ਸੋਨੇ ਦਾ ਵਜ਼ਨ ਕੀਤਾ ਗਿਆ ਤਾਂ ਉਹ 933.2 ਗ੍ਰਾਮ ਨਿਕਲਿਆ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 49.27 ਲੱਖ ਰੁਪਏ ਦੱਸੀ ਜਾ ਰਹੀ ਹੈ। ਕਸਟਮ ਵਿਭਾਗ ਨੇ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਧਾਰਾ 104 ਕਸਟਮ ਐਕਟ, 1962 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।