ਅੰਮ੍ਰਿਤਸਰ, 21 ਜੁਲਾਈ 2022 – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਗੈਂਗਸਟਰਾਂ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਮੰਨੂ ਦੇ ਐਨਕਾਊਂਟਰ ਵਿੱਚ ਸ਼ਾਮਲ ਪੁਲੀਸ ਅਧਿਕਾਰੀ ਦੋਵਾਂ ਗੈਂਗਸਟਰਾਂ ਦੀ ਗੋਲੀਬਾਰੀ ਦੇ ਪੈਟਰਨ ਤੋਂ ਹੈਰਾਨ ਹਨ। ਦੋਵਾਂ ਗੈਂਗਸਟਰਾਂ ਨਾਲ ਪੁਲਿਸ ਦਾ ਮੁਕਾਬਲਾ 5 ਘੰਟੇ ਤੱਕ ਚੱਲਿਆ। ਪੁਲਿਸ ਅਧਿਕਾਰੀਆਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਦੋਵਾਂ ਕੋਲ ਇੰਨੇ ਹਥਿਆਰ ਹੋਣਗੇ।
ਦਰਅਸਲ ਮੁੱਠਭੇੜ ਖਤਮ ਹੋਣ ਤੋਂ ਬਾਅਦ ਜਦੋਂ ਪੁਲਸ ਅਧਿਕਾਰੀ ਕੋਠੀ ਦੇ ਅੰਦਰ ਪਹੁੰਚੇ ਤਾਂ ਜਿਸ ਸਥਿਤੀ ‘ਚ ਦੋਹਾਂ ਗੈਂਗਸਟਰਾਂ ਦੀਆਂ ਲਾਸ਼ਾਂ ਮਿਲੀਆਂ, ਉਸ ਤੋਂ ਸਾਫ ਹੋ ਗਿਆ ਕਿ ਦੋਵੇਂ ਹੀ ਸਿੱਖਿਅਤ ਸਨ। ਪੁਲਿਸ ਸੂਤਰਾਂ ਅਨੁਸਾਰ ਜਿਸ ਤਰ੍ਹਾਂ ਨਾਲ ਰੂਪਾ ਅਤੇ ਮੰਨੂ ਮੁਕਾਬਲੇ ਦੌਰਾਨ ਪੁਲਿਸ ਮੁਲਾਜ਼ਮਾਂ ‘ਤੇ ਗੋਲੀਬਾਰੀ ਕਰ ਰਹੇ ਸਨ, ਉਹ ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਅੱਤਵਾਦੀਆਂ ਵੱਲੋਂ ਕੀਤੀ ਗਈ ਗੋਲੀਬਾਰੀ ਵਰਗਾ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬ ਦੇ ਗੈਂਗਸਟਰ ਇਸ ਤਰ੍ਹਾਂ ਫਾਇਰ ਨਹੀਂ ਕਰਦੇ। ਇਸ ਪੈਟਰਨ ਨੂੰ ਕਸ਼ਮੀਰੀ ਅੱਤਵਾਦੀ ਵੀ ਅਪਣਾਉਂਦੇ ਹਨ। ਆਮ ਤੌਰ ‘ਤੇ ਗੈਂਗਸਟਰਾਂ ਲਈ ਪੁਲਿਸ ਦੇ ਸਾਹਮਣੇ ਇੰਨਾ ਸਮਾਂ ਬਚਣਾ ਸੰਭਵ ਨਹੀਂ ਹੁੰਦਾ। ਕਸ਼ਮੀਰੀ ਅੱਤਵਾਦੀਆਂ ਨਾਲ ਘੰਟਿਆਂਬੱਧੀ ਮੁਕਾਬਲਾ ਚੱਲਦਾ ਹੈ।
ਇਸ ਦੌਰਾਨ ਮੁਕਾਬਲੇ ਤੋਂ ਬਾਅਦ ਘਰ ‘ਚ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਪੁਲਿਸ ਨੂੰ ਮੰਨੂ ਦੀ ਲਾਸ਼ ਨੇੜਿਓਂ ਏ.ਕੇ.47, ਪਿਸਤੌਲ ਅਤੇ ਬੈਗ ਤੋਂ ਇਲਾਵਾ ਬੰਬ ਵਰਗੀਆਂ ਚੀਜ਼ਾਂ ਬਰਾਮਦ ਹੋਈਆਂ। ਇਸ ਤੋਂ ਬਾਅਦ ਤੁਰੰਤ ਫੋਰੈਂਸਿਕ ਵਿਭਾਗ ਦੀ ਟੀਮ ਨੂੰ ਮੌਕੇ ‘ਤੇ ਬੁਲਾਇਆ ਗਿਆ। ਪੁਲਿਸ ਨੂੰ ਸ਼ੱਕ ਹੈ ਕਿ ਦੋਨਾਂ ਗੈਂਗਸਟਰਾਂ ਨੇ ਮਰਨ ਤੋਂ ਪਹਿਲਾਂ ਘਰ ਵਿੱਚ ਜਾਲ ਨਾ ਵਿਛਾਇਆ ਹੋਵੇ। ਅਜਿਹੇ ‘ਚ ਫੋਰੈਂਸਿਕ ਟੀਮਾਂ ਨੇ ਪੂਰੇ ਘਰ ਨੂੰ ਆਪਣੀ ਨਿਗਰਾਨੀ ‘ਚ ਲੈ ਲਿਆ।
ਏਡੀਜੀਪੀ ਪ੍ਰਮੋਦ ਬਾਨ ਨੇ ਵੀ ਮੁਕਾਬਲਾ ਖ਼ਤਮ ਹੋਣ ਤੋਂ ਬਾਅਦ ਕਿਹਾ ਕਿ ਫੋਰੈਂਸਿਕ ਵਿਭਾਗ ਦੀਆਂ ਟੀਮਾਂ ਘਰ ਦੇ ਅੰਦਰ ਸਨ। ਉਨ੍ਹਾਂ ਦੀ ਕਲੀਅਰੈਂਸ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਰੂਪਾ-ਮੰਨੂ ਕੋਲ ਏ.ਕੇ.47 ਅਤੇ ਪਿਸਤੌਲ ਤੋਂ ਇਲਾਵਾ ਕਿਹੜੇ-ਕਿਹੜੇ ਹਥਿਆਰ ਸਨ।
ਪਿੰਡ ਭਕਨਾ ਦੇ ਲੋਕਾਂ ਨੇ ਦੱਸਿਆ ਕਿ ਜਿਸ ਘਰ ਵਿੱਚ ਗੈਂਗਸਟਰ ਰੂਪਾ ਅਤੇ ਮੰਨੂ ਲੁਕੇ ਹੋਏ ਸਨ, ਉਹ ਬਲਵਿੰਦਰ ਸਿੰਘ ਦਾ ਹੈ। ਬਲਵਿੰਦਰ ਸਿੰਘ 6 ਸਾਲ ਪਹਿਲਾਂ ਆਪਣਾ ਖੇਤ ਅਤੇ ਮਕਾਨ ਵੇਚ ਕੇ ਅੰਮ੍ਰਿਤਸਰ ਸ਼ਹਿਰ ਰਹਿਣ ਲਈ ਚਲਾ ਗਿਆ ਸੀ। ਉਸਨੇ ਆਪਣਾ ਘਰ ਅਤੇ ਖੇਤ ਨੇੜਲੇ ਪਿੰਡ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਦੋਧੀ ਨਾਮਕ ਵਿਅਕਤੀ ਨੂੰ ਵੇਚ ਦਿੱਤੇ। ਉਸ ਸਮੇਂ ਤੋਂ ਘਰ ਖਾਲੀ ਪਿਆ ਸੀ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਰੂਪਾ ਅਤੇ ਮੰਨੂ ਖੁਦ ਇੱਥੇ ਆ ਕੇ ਲੁਕੇ ਸਨ ਜਾਂ ਫਿਰ ਇੱਥੇ ਲੁਕੋਏ ਹੋਏ ਸਨ। ਪਿੰਡ ਵਿੱਚ ਵੀ ਕਿਸੇ ਨੂੰ ਪਤਾ ਨਹੀਂ ਸੀ ਕਿ ਇੱਥੇ ਕੋਈ ਰਹਿ ਰਿਹਾ ਹੈ।