ਚੰਡੀਗੜ੍ਹ, 21 ਜੁਲਾਈ 2022 – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਅੰਮ੍ਰਿਤਸਰ ਮੁਕਾਬਲੇ ਵਿੱਚ ਮਾਰੇ ਗਏ ਸ਼ਾਰਪਸ਼ੂਟਰ ਕੋਲੋਂ ਮਿਲੀ AK47 ਨਾਲ ਹੀ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਸ ਦੀ ਪੂਰੀ ਸੰਭਾਵਨਾ ਹੈ। ਪਰ ਪੁਲਿਸ ਫੋਰੈਂਸਿਕ ਜਾਂਚ ਕਰ ਰਹੀ ਹੈ। ਉਸ ਤੋਂ ਬਾਅਦ ਇਸ ਦੀ ਪੁਸ਼ਟੀ ਕੀਤੀ ਜਾਵੇਗੀ। ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੇ ਏਡੀਜੀਪੀ ਪ੍ਰਮੋਦ ਬਾਨ ਦੇ ਨਾਲ ਡੀਜੀਪੀ ਨੇ ਸੀਐਮ ਭਗਵੰਤ ਮਾਨ ਨੂੰ ਐਨਕਾਉਂਟਰ ਬਾਰੇ ਪੂਰੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਸ਼ਾਰਪਸ਼ੂਟਰਾਂ ਨੂੰ ਫੜਨ ਗਈ ਸੀ। ਜਦੋਂ ਉਨ੍ਹਾਂ ਨੇ ਸਵੈ-ਰੱਖਿਆ ਵਿੱਚ ਏ.ਕੇ.47 ਨਾਲ ਗੋਲੀਬਾਰੀ ਕੀਤੀ ਤਾਂ ਪੁਲਿਸ ਦਾ ਦੋਵਾਂ ਨਾਲ ਮੁਕਾਬਲਾ ਹੋ ਗਿਆ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਅਟਾਰੀ ਸਰਹੱਦ ਨੇੜੇ ਭਕਨਾ ਅਤੇ ਹੁਸ਼ਿਆਰ ਨਗਰ ਦੇ ਵਿਚਕਾਰ ਜਿਸ ਇਮਾਰਤ ਵਿੱਚ ਸ਼ਾਰਪਸ਼ੂਟਰ ਮਨਪ੍ਰੀਤ ਮੰਨੂ ਅਤੇ ਜਾਰੂਪਾ ਰੂਪਾ ਲੁਕੇ ਹੋਏ ਸਨ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕੇ ਉਹਨਾਂ ਨੂੰ ਇੱਥੇ ਪਨਾਹ ਦਿੱਤੀ ਗਈ ਸੀ ਜਾਂ ਨਹੀਂ ? ਅਤੇ ਕੌਣ ਉਨ੍ਹਾਂ ਨੂੰ ਭੱਜਣ ਵਿੱਚ ਮਦਦ ਕਰ ਰਿਹਾ ਸੀ, ਪੁਲਿਸ ਜਾਂਚ ਕਰ ਰਹੀ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਦੋਵਾਂ ਸ਼ਾਰਪਸ਼ੂਟਰਾਂ ਦੇ ਪਾਕਿਸਤਾਨ ਭੱਜਣ ਦੀ ਸੰਭਾਵਨਾ ਦੀ ਵੀ ਜਾਂਚ ਕੀਤੀ ਜਾਵੇਗੀ। ਉਹ ਪਾਕਿਸਤਾਨ ਸਥਿਤ ਗੈਂਗਸਟਰ ਅੱਤਵਾਦੀ ਹਰਵਿੰਦਰ ਰਿੰਦਾ ਦੇ ਸੰਪਰਕ ਵਿੱਚ ਸੀ, ਪੁਲਿਸ ਇਸ ਪੂਰੇ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰੇਗੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ ਕੈਨੇਡੀਅਨ ਬੈਠੇ ਗੈਂਗਸਟਰ ਗੋਲਡੀ ਬਰਾੜ ਨੂੰ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਅਸੀਂ ਉਸ ਦੀ ਹਵਾਲਗੀ ਦੀ ਕੋਸ਼ਿਸ਼ ਕਰ ਰਹੇ ਹਾਂ।
ਡੀਜੀਪੀ ਨੇ ਕਿਹਾ ਕਿ ਪੁਲਿਸ ਪੰਜਾਬ ਵਿੱਚ ਗੈਂਗਸਟਰਾਂ ਨੂੰ ਗਲੈਮਰਾਈਜ਼ ਨਹੀਂ ਕਰੇਗੀ। ਗੈਂਗਸਟਰਾਂ ਦੀ ਜੋ ਵੀ ਸ਼੍ਰੇਣੀ ਹੈ, ਉਨ੍ਹਾਂ ਦਾ ਖਾਤਮਾ ਕੀਤਾ ਜਾਵੇਗਾ। ਗੈਂਗਸਟਰ ਬਣਨਾ ਬਹਾਦਰੀ ਨਹੀਂ ਹੈ। ਡੀਜੀਪੀ ਨੇ ਕਿਹਾ ਕਿ ਨਸ਼ਿਆਂ ਅਤੇ ਗੈਂਗਸਟਰਾਂ ਵਿਰੁੱਧ ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਬਹਾਲ ਨਹੀਂ ਹੋ ਜਾਂਦੀ।