ਪਾਤੜਾਂ, 21 ਜੁਲਾਈ 2022 – ਪੰਜਾਬ ਦੇ ਪਾਤੜਾਂ ਵਿੱਚ ਭਾਰੀ ਮੀਂਹ ਦੌਰਾਨ ਇੱਕ ਘਰ ਦੀ ਛੱਤ ਡਿੱਗਣ ਨਾਲ ਇੱਕ ਹੀ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਪਰਿਵਾਰ ਵਿੱਚ ਕੁੱਲ ਪੰਜ ਮੈਂਬਰ ਸਨ ਅਤੇ ਇੱਕ 15 ਸਾਲਾ ਨੌਜਵਾਨ ਇਸ ਹਾਦਸੇ ਵਿੱਚ ਵਾਲ-ਵਾਲ ਬਚ ਗਿਆ, ਪਰ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਦੋਂ ਕੇ ਪਤੀ-ਪਤਨੀ ਸਮੇਤ 12 ਸਾਲ ਦੇ ਬੇਟੇ ਅਤੇ 10 ਸਾਲ ਦੀ ਬੇਟੀ ਸਮੇਤ ਮੌਤ ਹੋ ਗਈ ਹੈ। ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਵੇਰੇ ਹਸਪਤਾਲ ਭੇਜ ਦਿੱਤਾ। ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ।
ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਜ਼ਿਲੇ ਦੇ ਜਾਖਲ ਰੋਡ ‘ਤੇ ਹੀਰੋ ਹਾਂਡਾ ਏਜੰਸੀ ਨੇੜੇ ਬੁੱਧਵਾਰ ਰਾਤ ਨੂੰ ਇਕ ਮਕਾਨ ਦੀ ਛੱਤ ਡਿੱਗ ਗਈ। ਅਨਾਜ ਮੰਡੀ ਵਿੱਚ ਕੰਮ ਕਰਨ ਵਾਲਾ ਇੱਕ ਮਜ਼ਦੂਰ ਆਪਣੇ ਪਰਿਵਾਰ ਸਮੇਤ ਘਰ ਵਿੱਚ ਹੀ ਸੀ। ਛੱਤ ਡਿੱਗਣ ਨਾਲ ਪੂਰਾ ਪਰਿਵਾਰ ਮਲਬੇ ਹੇਠਾਂ ਦੱਬ ਗਿਆ। ਰਾਤ ਸਮੇਂ ਮੀਂਹ ਪੈ ਰਿਹਾ ਸੀ, ਜਿਸ ਕਾਰਨ ਆਸ-ਪਾਸ ਦੇ ਲੋਕਾਂ ਨੂੰ ਘਟਨਾ ਦਾ ਪਤਾ ਹੀ ਨਹੀਂ ਲੱਗਾ। ਸਵੇਰੇ ਜਦੋਂ ਲੋਕ ਉੱਠੇ ਤਾਂ ਮਕਾਨ ਦੀ ਛੱਤ ਡਿੱਗੀ ਦੇਖ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਹਾਦਸੇ ਸਬੰਧੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ।
ਛੱਤ ਤੋਂ ਡਿੱਗੇ ਮਲਬੇ ਹੇਠੋਂ ਪੰਜ ਲੋਕਾਂ ਨੂੰ ਕੱਢਿਆ ਗਿਆ। ਇਨ੍ਹਾਂ ‘ਚੋਂ ਦੋ ਬੱਚਿਆਂ ਦੇ ਨਾਲ-ਨਾਲ ਪਤੀ-ਪਤਨੀ ਦੀ ਮੌਤ ਹੋ ਗਈ ਸੀ। ਇੱਕ 15 ਸਾਲ ਦਾ ਨੌਜਵਾਨ ਸਾਹ ਲੈ ਰਿਹਾ ਸੀ। ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ।