ਜਲੰਧਰ, 22 ਜੁਲਾਈ 2022 – ਪੰਜਾਬ ਦੀ ਜਲੰਧਰ ਪੁਲਿਸ ਨੇ ਇੱਕ ਮਹਿਲਾ ਠੱਗ ਨੂੰ ਗ੍ਰਿਫਤਾਰ ਕੀਤਾ ਹੈ। ਇਹ Lady ਠੱਗ ਆਮੀ ਦਾ ਫਰਜ਼ੀ ਕਰਨਲ ਬਣ ਕੇ ਲੋਕਾਂ ਨੂੰ ਨੌਕਰੀ ਦਿਵਾਉਣ ਦੇ ਨਾਂ ‘ਤੇ ਠੱਗੀ ਮਾਰਦੀ ਸੀ। ਮੁਲਜ਼ਮ ਔਰਤ ਦੀ ਪਛਾਣ ਮਨਪ੍ਰੀਤ ਕੌਰ ਪਤਨੀ ਤਰਲੋਕ ਸਿੰਘ ਵਾਸੀ ਪਿੰਡ ਬਹਿਰਾਮ ਸਰਿਸ਼ਠਾ ਭੋਗਪੁਰ ਵਜੋਂ ਹੋਈ ਹੈ। ਮਨਪ੍ਰੀਤ ਫੌਜ ‘ਚ ਨੌਕਰੀ ਦਿਵਾਉਣ ਦੇ ਨਾਂ ‘ਤੇ ਪੈਸੇ ਠੱਗਦੀ ਸੀ।
ਜਲੰਧਰ ਹਾਈਟਸ ਪੁਲਿਸ ਚੌਕੀ ਦੇ ਇੰਚਾਰਜ ਜਸਵੀਰ ਚੰਦ ਜੱਸੀ ਅਤੇ ਸਟਾਫ਼ ਵਲੋਂ ਉਕਤ ਔਰਤ ਨੂੰ ਕਾਬੂ ਕੀਤਾ ਹੈ। ਮਨਪ੍ਰੀਤ ਕੌਰ ਨੇ ਇੱਕ ਮੁਟਿਆਰ ਜੈਸਮੀਨ ਕੌਰ ਨੂੰ ਦੱਸਿਆ ਸੀ ਕਿ ਉਹ ਫੌਜ ਵਿੱਚ ਕਰਨਲ ਹੈ। ਫੌਜ ਵਿੱਚ ਕੈਸ਼ੀਅਰ ਦੀ ਅਸਾਮੀ ਖਾਲੀ ਹੈ ਅਤੇ ਜੇ ਉਹ ਚਾਹੁੰਦੀ ਹੈ, ਤਾਂ ਉਹ ਉਸਨੂੰ ਇਸ ਅਹੁਦੇ ਲਈ ਫਿੱਟ ਕਰਵਾ ਦੇਵੇਗੀ। ਮਨਪ੍ਰੀਤ ਕੌਰ ਨੇ ਜੈਸਮੀਨ ਤੋਂ ਨਿਯੁਕਤੀ ਕਰਵਾਉਣ ਦੇ ਬਦਲੇ 7 ਲੱਖ ਰੁਪਏ ਦੀ ਮੰਗ ਕੀਤੀ।
ਪੈਸੇ ਮਿਲਣ ਤੋਂ ਬਾਅਦ ਉਹ ਜੈਸਮੀਨ ਨੂੰ ਬਹਾਨਾ ਬਣਾਉਂਦੀ ਰਹੀ ਕਿ ਉਸ ਨੂੰ ਲੈਟਰ ਜਲਦੀ ਮਿਲ ਜਾਵੇਗਾ। ਉਸ ਦੀ ਨੌਕਰੀ ਤੈਅ ਹੋ ਗਈ ਹੈ ਪਰ ਜਦੋਂ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਜੈਸਮੀਨ ਨੂੰ ਕੋਈ ਲੈਟਰ ਨਹੀਂ ਮਿਲਿਆ ਤਾਂ ਉਸ ਨੂੰ ਸ਼ੱਕ ਹੋਇਆ ਕਿ ਉਸ ਨਾਲ ਧੋਖਾ ਹੋਇਆ ਹੈ। ਜੈਸਮੀਨ ਨੇ ਪੁਲੀਸ ਕੋਲ ਜਾ ਕੇ ਔਰਤ ਖ਼ਿਲਾਫ਼ ਕੇਸ ਦਰਜ ਕਰਵਾਇਆ ਪਰ ਮਨਪ੍ਰੀਤ ਕੌਰ ਫਰਾਰ ਹੋ ਗਈ।
ਮਨਪ੍ਰੀਤ ਕੌਰ ਨੂੰ ਅਦਾਲਤ ਨੇ 23 ਦਸੰਬਰ 2020 ਨੂੰ ਭਗੌੜਾ ਕਰਾਰ ਦਿੱਤਾ ਸੀ। ਪੁਲੀਸ ਨੂੰ ਮਨਪ੍ਰੀਤ ਕੌਰ ਬਾਰੇ ਪਤਾ ਲੱਗਾ ਸੀ ਕਿ ਉਹ ਜਲੰਧਰ ਵਿੱਚ ਹੈ। ਇਸ ਮਗਰੋਂ ਚੌਕੀ ਇੰਚਾਰਜ ਜਸਵੀਰ ਨੇ ਤੁਰੰਤ ਕਾਰਵਾਈ ਕਰਦਿਆਂ ਮਨਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ। ਏਸੀਪੀ ਕੈਂਟ ਬਬਨਦੀਪ ਨੇ ਦੱਸਿਆ ਕਿ ਔਰਤ ਨੂੰ ਜੱਜ ਦੇ ਸਾਹਮਣੇ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।