ਲੁਧਿਆਣਾ, 24 ਜੁਲਾਈ 2022 – ਪੰਜਾਬ ਦੇ ਸ਼ਹਿਰ ਲੁਧਿਆਣਾ ਵਿੱਚ ਦੇਰ ਰਾਤ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਪੁਲਸ ਨੇ ਇਸ ਮਾਮਲੇ ‘ਚ 7 ਲੋਕਾਂ ਨੂੰ ਨਾਮਜ਼ਦ ਕੀਤਾ ਸੀ। ਦੋ ਮੁੱਖ ਮੁਲਜ਼ਮਾਂ ਦਾ ਰਿਮਾਂਡ ਅੱਜ ਖ਼ਤਮ ਹੋ ਗਿਆ ਸੀ ਅਤੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ।
ਦੋਵਾਂ ਮੁਲਜ਼ਮਾਂ ਦੀ ਕੇਂਦਰੀ ਜੇਲ੍ਹ ਵਿੱਚ ਹੀ ਕੁੱਟਮਾਰ ਕੀਤੀ ਗਈ। ਜਿਵੇਂ ਹੀ ਉਹ ਜੇਲ ‘ਚ ਗਏ ਤਾਂ ਦੋਹਾਂ ਦੋਸ਼ੀਆਂ ‘ਤੇ ਕੁਝ ਹਵਾਲਾਤੀਆਂ ਨੇ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਹਮਲਾ ਕਰਨ ਵਾਲਾ ਨੌਜਵਾਨ ਹੋਰ ਕੋਈ ਨਹੀਂ ਸਗੋਂ ਮ੍ਰਿਤਕ ਸ਼ਾਵਨ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ।
ਸ਼ਾਵਨ ਦਾ ਰਿਸ਼ਤੇਦਾਰ ਐਨਡੀਪੀਐਸ ਐਕਟ ਅਤੇ ਇੱਕ ਹੋਰ ਵਿਅਕਤੀ 307 ਤਹਿਤ ਜੇਲ੍ਹ ਵਿੱਚ ਬੰਦ ਹੈ। ਸ਼ਾਵਨ ਦੀ ਮੌਤ ਦਾ ਬਦਲਾ ਲੈਣ ਲਈ ਇਨ੍ਹਾਂ ਦੋਵਾਂ ਦੋਸ਼ੀਆਂ ‘ਤੇ ਹਮਲਾ ਕੀਤਾ ਗਿਆ। ਹਮਲੇ ‘ਚ ਜ਼ਖਮੀਆਂ ‘ਚ ਸਾਹਿਲ ਅਤੇ ਅਭਿਸ਼ੇਕ ਸ਼ਾਮਲ ਹਨ।
ਇਸ ਦੇ ਨਾਲ ਹੀ ਸੂਤਰਾਂ ਦਾ ਕਹਿਣਾ ਹੈ ਕਿ ਸਾਹਿਲ ‘ਤੇ ਸੂਏ ਨਾਲ ਵਾਰ ਕੀਤਾ ਗਿਆ ਹੈ। ਇਕ ਹੋਰ ਮੁਲਜ਼ਮ ਅਭਿਸ਼ੇਕ ਦੇ ਸਿਰ ‘ਤੇ ਤੇਜ਼ਧਾਰ ਚੀਜ਼ ਨਾਲ ਹਮਲਾ ਕੀਤਾ ਗਿਆ ਹੈ। ਅਭਿਸ਼ੇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅਭਿਸ਼ੇਕ ਦੇ ਸਿਰ ‘ਚ ਕਾਫੀ ਸੱਟ ਹੈ। ਡਾਕਟਰਾਂ ਨੇ ਅਭਿਸ਼ੇਕ ਦੇ ਸਿਰ ‘ਤੇ 4 ਤੋਂ 5 ਟਾਂਕੇ ਲਗਾਏ ਹਨ। ਪੁਲਿਸ ਨੇ ਸਿਵਲ ਹਸਪਤਾਲ ਨੂੰ ਸੀਲ ਕਰ ਦਿੱਤਾ ਹੈ।
ਘਟਨਾ ਦਾ ਪਤਾ ਲੱਗਦਿਆਂ ਹੀ ਏਸੀਪੀ ਸੈਂਟਰਲ ਰਮਨਦੀਪ ਭੁੱਲਰ ਅਤੇ ਥਾਣਾ ਡਿਵੀਜ਼ਨ ਨੰਬਰ 2 ਦੇ ਐਸਐਚਓ ਨਰਦੇਵ ਸਿੰਘ ਮੌਕੇ ’ਤੇ ਪੁੱਜੇ। ਏਸੀਪੀ ਰਮਨਦੀਪ ਭੁੱਲਰ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਅੱਜ ਹੀ ਜੇਲ੍ਹ ਭੇਜ ਦਿੱਤਾ ਗਿਆ ਸੀ ਅਤੇ ਅੱਜ ਦੋਵਾਂ ਦੀ ਕੁੱਟਮਾਰ ਵੀ ਹੋਈ। ਦੋਵਾਂ ਨੂੰ ਪਟਿਆਲਾ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।
ਸ਼ਾਵਨ ਅਤੇ ਸੁਮਿਤ ਐਮਰਜੈਂਸੀ ਰੂਮ ਦੇ ਬਾਹਰ ਬੈਠੇ ਸਨ। ਉਸ ਦਾ ਬਾਕੀ ਪਰਿਵਾਰ ਬਾਹਰ ਸਾਈਡ ‘ਤੇ ਖੜ੍ਹਾ ਸੀ। ਇਸ ਦੌਰਾਨ ਉਪਰੋਕਤ ਸਾਰੇ ਮੁਲਜ਼ਮ ਤੇਜ਼ਧਾਰ ਹਥਿਆਰ ਲੈ ਕੇ ਆਏ। ਸ਼ਾਵਨ ਅਤੇ ਸੁਮਿਤ ਨੇ ਉਨ੍ਹਾਂ ਨੂੰ ਦੇਖਿਆ ਸੀ। ਸੁਮਿਤ ਐਮਰਜੈਂਸੀ ਰੂਮ ਦੇ ਬਾਹਰ ਭੱਜਿਆ ਪਰ ਸ਼ਾਵਨ ਐਮਰਜੈਂਸੀ ਅੰਦਰ ਚਲਾ ਗਿਆ ਸੀ।
ਮੁਲਜ਼ਮਾਂ ਨੇ ਸ਼ਵਨ ਨੂੰ ਐਮਰਜੈਂਸੀ ’ਚ ਜਾਂਦਾ ਦੇਖ ਕੇ ਗੇਟ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਉਸ ’ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਨੂੰ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਮਿਲੀ ਹੈ, ਜਿਸ ਵਿੱਚ ਮੁਲਜ਼ਮ ਸ਼ਾਵਨ ਦੀ ਹੱਤਿਆ ਕਰਦੇ ਨਜ਼ਰ ਆ ਰਹੇ ਹਨ। ਸ਼ਾਵਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।