ਲੁਧਿਆਣਾ, 27 ਜੁਲਾਈ 2022 – ਵਧੀਕ ਸੈਸ਼ਨ ਜੱਜ ਰਵਿੰਦਰ ਕੌਰ ਦੀ ਅਦਾਲਤ ਨੇ ਨਾਬਾਲਗ ਧੀ ਨਾਲ ਸਰੀਰਕ ਸ਼ੋਸ਼ਣ ਕਰਨ ਦੇ ਮਾਮਲੇ ਵਿੱਚ ਮਤਰੇਏ ਪਿਤਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਦੀ ਰਹਿਮ ਦੀ ਅਪੀਲ ਨੂੰ ਰੱਦ ਕਰਦੇ ਹੋਏ ਉਸ ਨੂੰ 60 ਹਜ਼ਾਰ ਰੁਪਏ ਜੁਰਮਾਨਾ ਭਰਨ ਦਾ ਹੁਕਮ ਵੀ ਦਿੱਤਾ ਹੈ। ਸਰਕਾਰੀ ਵਕੀਲ ਨੇ ਦੱਸਿਆ ਕਿ ਥਾਣਾ ਮਾਡਲ ਟਾਊਨ ਦੀ ਪੁਲਿਸ ਵੱਲੋਂ ਮੁਲਜ਼ਮ ਬਹਾਦਰ ਗੁਪਤਾ ਵਾਸੀ ਅਬਦੁੱਲਾਪੁਰ ਬਸਤੀ ਲੁਧਿਆਣਾ ਖ਼ਿਲਾਫ਼ ਉਸ ਦੀ ਪਤਨੀ ਦੀ ਸ਼ਿਕਾਇਤ ’ਤੇ ਨਾਬਾਲਗ ਲੜਕੀ ਨੂੰ ਅਗਵਾ ਕਰਨ ਸਮੇਤ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਪੁਲੀਸ ਵੱਲੋਂ 23 ਦਸੰਬਰ 2018 ਨੂੰ ਦਰਜ ਕੀਤੇ ਕੇਸ ਅਨੁਸਾਰ ਸ਼ਿਕਾਇਤਕਰਤਾ ਪੀੜਤ ਬੱਚੀ ਦੀ ਮਾਂ ਨੇ ਆਪਣੇ ਬਿਆਨਾਂ ਵਿੱਚ ਦੋਸ਼ ਲਾਇਆ ਕਿ ਉਸ ਦਾ ਪਹਿਲਾਂ ਕਿਸੇ ਹੋਰ ਨਾਲ ਵਿਆਹ ਹੋਇਆ ਸੀ, ਜਦਕਿ ਉਹ ਪਿਛਲੇ 5-6 ਸਾਲਾਂ ਤੋਂ ਮੁਲਜ਼ਮ ਨਾਲ ਪਤੀ-ਪਤਨੀ ਵਜੋਂ ਰਹਿ ਰਹੀ ਸੀ।
ਸ਼ਿਕਾਇਤਕਰਤਾ ਵੱਲੋਂ ਲਗਾਏ ਦੋਸ਼ਾਂ ਅਨੁਸਾਰ ਘਟਨਾ ਵਾਲੇ ਦਿਨ ਜਦੋਂ ਉਸਦੀ ਲੜਕੀ ਘਰ ਵਿੱਚ ਇਕੱਲੀ ਸੀ ਤਾਂ ਮੁਲਜ਼ਮਾਂ ਨੇ ਉਸਨੂੰ ਵਰਗਲਾ ਕੇ ਅਗਵਾ ਕਰ ਲਿਆ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ‘ਚੋਂ ਲੜਕੀ ਬਰਾਮਦ ਕਰਕੇ ਉਸ ਦੇ ਬਿਆਨਾਂ ‘ਤੇ ਦੋਸ਼ੀ ਖਿਲਾਫ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਜੇਕਰ ਦੋਸ਼ੀ ਤੋਂ ਜੁਰਮਾਨੇ ਦੀ ਰਕਮ ਵਸੂਲੀ ਜਾਂਦੀ ਹੈ ਤਾਂ ਉਸ ਵਿੱਚੋਂ 50,000 ਰੁਪਏ ਪੀੜਤ ਨੂੰ ਮੁਆਵਜ਼ੇ ਵਜੋਂ ਅਦਾ ਕੀਤੇ ਜਾਣ।